ਡਰੇਨਾਂ ਦੀ ਸਫ਼ਾਈ ਨਾ ਹੋਣ ਕਾਰਨ ਕਿਸਾਨਾਂ ’ਚ ਰੋਸ
ਰਾਮੇਸ਼ ਭਾਰਦਵਾਜ
ਲਹਿਰਾਗਾਗਾ, 4 ਜੁਲਾਈ
ਹਲਕੇ ਦੀਆਂ ਡਰੇਨਾਂ ਨਾ ਹੋਣ ਕਾਰਨ ਸਾਫ਼-ਸਫ਼ਾਈ ਪ੍ਰਤੀ ਕਿਸਾਨਾਂ ’ਚ ਭਾਰੀ ਰੋਸ ਫੈਲ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸਾਬਕਾ ਬਲਾਕ ਪ੍ਰਧਾਨ ਤੇ ਜ਼ਿਲ੍ਹਾ ਆਗੂ ਗੁਰਲਾਲ ਸਿੰਘ ਜਲੂਰ ਨੇ ਦੱਸਿਆ ਕਿ ਲਹਿਰਾਗਾਗਾ ਹਲਕੇ ਦੀਆਂ ਕੁਝ ਡਰੇਨਾਂ ਦਾ ਠੇਕਾ ਸਬੰਧਤ ਵਿਭਾਗ ਦੇ ਹੀ ਇੱਕ ਐਸਡੀਓ ਨੇ ਕਥਿਤ ਆਪਣੇ ਕਿਸੇ ਖ਼ਾਸ ਵਿਅਕਤੀ ਦੇ ਨਾਂ ਲਿਆ ਹੋਇਆ ਹੈ। ਸ੍ਰੀ ਜਲੂਰ ਨੇ ਕਿਹਾ ਕਿ ਇਸ ਕਰ ਕੇ ਹੀ ਜੋ ਕੰਮ ਮੇਨ ਡਰੇਨ ਦਾ ਹੈ, ਉਹ 59 ਲੱਖ ਦੇ ਕਰੀਬ ਮਾਨ ਸਰਕਾਰ ਵੱਲੋਂ ਅਲਾਟ ਹੋਇਆ ਸੀ, ਪਰ ਇਸ ਕੰਮ ਉੱਤੇ ਸਿਰਫ਼ 8-10 ਲੱਖ ਰੁਪਏ ਖ਼ਰਚ ਕੇ ਬੁੱਤਾ ਸਾਰਿਆ ਜਾ ਰਿਹਾ ਹੈ। ਇਕ ਪਾਸਿਉਂ ਮਿੱਟੀ ਪੁੱਟ ਕੇ ਦੂਜੇ ਪਾਸੇ ਲਾਈ ਜਾ ਰਹੀ ਹੈ ਜਦੋਂਕਿ ਪਹਿਲਾਂ ਘਾਹ ਤੇ ਬੂਟੀ ਉਸੇ ਤਰ੍ਹਾਂ ਖੜ੍ਹੀ ਹੈ ਨਾ ਹੀ ਕੋਈ ਡੂੰਘਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀ ਭਲੀ-ਭਾਂਤ ਜਾਣਦੇ ਹਨ ਕਿ ਬਰਸਾਤ ਦੌਰਾਨ ਜਦੋਂ ਇਹ ਡਰੇਨਾਂ ਭਰ ਕੇ ਚੱਲਣਗੀਆਂ ਤਾਂ ਇਹ ਘਾਹ ਬੂਟੀ ਆਪਣੇ-ਆਪ ਸਾਫ਼ ਹੋ ਜਾਵੇਗੀ। ਇਸ ਕਰ ਕੇ ਸਰਕਾਰ ਦੇ ਹੁਕਮਾਂ ਮੁਤਾਬਕ 30 ਜੂਨ ਲੰਘਣ ਉਪਰੰਤ ਵੀ ਡਰੇਨਾਂ ਦੀ ਸਫ਼ਾਈ ਮੁਕੰਮਲ ਨਹੀਂ ਕੀਤੀ ਗਈ।
ਗੁਰਲਾਲ ਸਿੰਘ ਸਣੇ ਹੋਰ ਆਗੂਆਂ ਨੇ ਮੰਗ ਕੀਤੀ ਕਿ ਇਸ ਸਬੰਧੀ ਸਰਕਾਰ ਸੀਬੀਆਈ ਜਾਂ ਵਿਜੀਲੈਂਸ ਜਾਂਚ ਕਰੇ ਤਾਂ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ।
ਇਸ ਸਬੰਧੀ ਵਿਭਾਗ ਦੇ ਐਸਡੀਓ ਮੋਹਿਤ ਸਤੀਜਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਗੱਲ ਕਰਨਾ ਮੁਨਾਸਿਬ ਨਹੀਂ ਸਮਝਿਆ। ਵਿਭਾਗ ਦੇ ਐਕਸੀਅਨ ਗੁਰਸ਼ਰਨ ਸਿੰਘ ਨੇ ਕਿਹਾ ਕਿ ਡਰੇਨਾਂ ਦੀ ਸਫ਼ਾਈ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਜਿੱਥੇ ਕਮੀ ਹੋਈ ਤਾਂ ਉਹ ਦੂਰ ਕੀਤੀ ਜਾਵੇਗੀ। ਜਿੱਥੋਂ ਸ਼ਿਕਾਇਤ ਮਿਲੀ ਉਸ ਦੀ ਵੀ ਜਾਂਚ ਕਰਵਾਈ ਜਾਵੇਗੀ।