ਕਿਸਾਨ ਆਗੂ ’ਤੇ ਹਮਲਾ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਦੀ ਮੰਗ
ਰਮੇਸ਼ ਭਾਰਦਵਾਜ
ਲਹਿਰਾਗਾਗਾ, 11 ਜੂਨ
ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਖਾਈ ’ਤੇ ਭੂ-ਮਾਫ਼ੀਆ ਗਰੋਹ ਵੱਲੋਂ ਕੀਤੇ ਕਾਤਲਾਨਾ ਹਮਲੇ ਦੇ ਕਥਿਤ ਦੋਸ਼ੀਆਂ ਦੀ ਅਜੇ ਤੱਕ ਗ੍ਰਿਫ਼ਤਾਰੀ ਨਾ ਕੀਤੇ ਜਾਣ ਦੇ ਰੋਸ ਵਜੋਂ ਨਿਰਭੈ ਸਿੰਘ ਇਨਸਾਫ਼ ਕਮੇਟੀ ਵੱਲੋਂ ਪਿੰਡ ਲੇਹਲ ਕਲਾਂ ਵਿੱਚ ਰੋਸ ਰੈਲੀਆਂ ਕਰ ਕੇ ਕਥਿਤ ਦੋਸ਼ੀਆਂ ਨੂੰ ਕਥਿਤ ਤੌਰ ’ਤੇ ਸ਼ਹਿ ਦੇਣ ਵਾਲੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਪੁਤਲੇ ਨੂੰ ਪਿੰਡ ਵਿੱਚ ਘੁਮਾ ਕੇ ਰੋਸ ਪ੍ਰਗਟਾਇਆ ਗਿਆ।
ਇਸ ਮੌਕੇ ਸੰਘਰਸ਼ ਕਮੇਟੀ ਦੇ ਬੀਕੇਯੂ ਉਗਰਾਹਾਂ ਦੇ ਹਰਸੇਵਕ ਸਿੰਘ ਲਹਿਲ ਕਲਾਂ, ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਸਿੰਘ ਲੌਂਗੋਵਾਲ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਬਿੱਟੂ ਖੋਖਰ ਨੇ ਦੋਸ਼ ਲਾਇਆ ਕਿ ਮਾਸਟਰ ਨਿਰਭੈ ਸਿੰਘ ਖਾਈ ਦੀਆਂ ਲੱਤਾਂ ਤੋੜਨ ਵਾਲੇ ਲੋਕਾਂ ਨੂੰ ਸੂਬਾ ਸਰਕਾਰ ਦੀ ਸ਼ਹਿ ਹੈ। ਲੋਕ ਚੇਤਨਾ ਮੰਚ ਦੇ ਰਘਵੀਰ ਭੁਟਾਲ ਨੇ ਦੱਸਿਆ ਕਿ ਜਿਹੜੀ ਸਰਕਾਰ ਆਮ ਲੋਕਾਂ ਦੀ ਕਹਿੰਦੀ ਨਹੀਂ ਥੱਕਦੀ, ਇਹ ਅਸਲ ’ਚ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਦੀ ਹੈ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਪਿੰਡਾਂ ਵਿੱਚ ਸੂਬਾ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰੇ ਲਗਾਤਾਰ ਜਾਰੀ ਰਹਿਣਗੇ ਅਤੇ 15 ਜੂਨ ਨੂੰ ਮੀਟਿੰਗ ਕਰ ਕੇ ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਆਗੂ ਹਰਵਿੰਦਰ ਸਿੰਘ ਲਦਾਲ, ਗੁਰਤੇਜ ਸਿੰਘ ਖੰਡੇਬਾਦ, ਬਲਵਿੰਦਰ ਸਿੰਘ ਘੋੜੇਨਬ, ਲੋਕ ਚੇਤਨਾ ਮੰਚ ਦੇ ਗੁਰਚਰਨ ਸਿੰਘ, ਕਿਰਤੀ ਦਲ ਪੰਜਾਬ ਦੇ ਬੱਬੀ ਲਹਿਰਾ, ਕਿਰਤੀ ਕਿਸਾਨ ਯੂਨੀਅਨ ਦੇ ਕੁਲਦੀਪ ਝੂਲੜ, ਡੀਟੀਐੱਫ਼ ਦੇ ਮਾਸਟਰ ਮੇਘਰਾਜ, ਪਾਲ ਸਿੰਘ ਖਾਈ, ਦਰਸ਼ਨ ਸਿੰਘ ਖਾਈ ਤੇ ਰਾਮ ਸਿੰਘ ਖਾਈ ਆਦਿ ਹਾਜ਼ਰ ਸਨ।
ਕੈਬਨਿਟ ਮੰਤਰੀ ਨੇ ਦੋਸ਼ ਨਕਾਰੇ
ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਇਸ ਮਾਮਲੇ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਸਿਰਫ਼ ਵਿਰੋਧੀ ਪਾਰਟੀਆਂ ਰੌਲਾ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਪ੍ਰਸ਼ਾਸਨ ਵੱਲੋਂ ‘ਸਿਟ’ ਬਣਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।Advertisement