ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰਾਂ ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਰੈਲੀ
ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਜੂਨ
ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰਾਂ ਵੱਲੋਂ ਆਲ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਦੇ ਹੱਕ ਵਿੱਚ ਡੀ.ਸੀ. ਕੰਪਲੈਕਸ ’ਚ ਸੂਬਾ ਸਰਕਾਰ ਖ਼ਿਲਾਫ਼ ਰੈਲੀ ਕੀਤੀ ਗਈ। ਰੈਲੀ ਦੀ ਅਗਵਾਈ ਐਸੋਸੀਏਸ਼ਨ ਦੇ ਸਰਪ੍ਰਸਤ ਜਗਦੀਸ਼ ਸ਼ਰਮਾ, ਪ੍ਰਧਾਨ ਸੁਰਿੰਦਰ ਬਾਲੀਆਂ, ਮੇਲਾ ਸਿੰਘ, ਮੋਹਣ ਸਿੰਘ ਬਾਵਾ ਅਤੇ ਬਲਵੰਤ ਸਿੰਘ ਢਿੱਲੋਂ ਨੇ ਕੀਤੀ।
ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ 01/01/16 ਤੋਂ 30/06/21 ਤੱਕ ਦੇ ਬਕਾਏ ਦੇਣ ਸਬੰਧੀ ਜਾਰੀ ਹਦਾਇਤਾਂ ਨੂੰ ਪੈਨਸ਼ਨਰਾਂ ਨਾਲ ਧੋਖਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬਕਾਏ ਮ੍ਰਿਤਕ ਪੈਨਸ਼ਨਰਾਂ ਤੇ ਪਰਿਵਾਰਕ ਪੈਨਸ਼ਨਰਾਂ ਨੂੰ ਬੈਂਕ ਵੱਲੋਂ ਹਾਲੇ ਤੱਕ ਨਹੀਂ ਪਾਏ ਗਏ ਜਿਸ ਦੀ ਸਖ਼ਤ ਲਫਜਾਂ ਵਿੱਚ ਨਿਖੇਧੀ ਕੀਤੀ ਗਈ। ਲੀਵ ਇਨਕੈਸ਼ਮੈਂਟ ਦੇ ਬਕਾਏ ਦੇ ਬਿੱਲ ਖਜ਼ਾਨਾ ਦਫ਼ਤਰ ਵੱਲੋਂ ਪਾਸ ਨਹੀਂ ਕੀਤੇ ਜਾ ਰਹੇ। ਰੈਲੀ ਨੂੰ ਸੰਬੋਧਨ ਕਰਦਿਆਂ ਜਗਦੀਸ਼ ਸ਼ਰਮਾ, ਸਵਰਨ ਧੰਦੀਵਾਲ, ਸੁਰਿੰਦਰ ਬਾਲੀਆ, ਬਲਵੰਤ ਸਿੰਘ ਢਿੱਲੋਂ, ਬਿੱਕਰ ਸਿੰਘ ਸਿਬੀਆ, ਮੋਹਣ ਸਿੰਘ ਬਾਵਾ ਤੇ ਮੇਲਾ ਸਿੰਘ ਪੁੰਨਾਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ 13 ਫ਼ੀਸਦੀ ਡੀਏ 01 ਜੁਲਾਈ 2021 ਤੋਂ 31 ਮਈ 2025 ਤੱਕ ਦੇ 119 ਮਹੀਨੇ ਦੇ ਬਕਾਏ 2.59 ਫੈਕਟਰ ਅਤੇ ਨੋਸ਼ਨਲ ਫਿਕਸੇਸ਼ਨ ਅਤੇ ਤਨਖਾਹ ਕਮਿਸ਼ਨਰ ਵੱਲੋਂ ਦੂਜੀ ਰਿਪੋਰਟ ਜਾਰੀ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਇਹ ਮੰਗਾਂ ਛੇਤੀ ਪ੍ਰਵਾਨ ਕੀਤੀਆਂ ਜਾਣ। ਬੁਲਾਰਿਆਂ ਨੇ ਕਿਹਾ ਕਿ ਜੇਕਰ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਸਰਕਾਰ ਵਿਰੁੱਧ ਲੰਮਾ ਸੰਘਰਸ਼ ਛੇੜਿਆ ਜਾਵੇਗਾ। ਉਨ੍ਹਾਂ ਨਾਲ ਹੀ ਮੰਗ ਕੀਤੀ ਕਿ ਮਿਉਂਸਿਪਲ ਕਮੇਟੀ, ਮੰਡੀ ਬੋਰਡ ਤੇ ਹੋਰ ਅਦਾਰਿਆਂ ਦੇ ਪੈਨਸ਼ਨਰਾਂ ਨੂੰ ਬਕਾਏ ਤੁਰੰਤ ਦਿੱਤੇ ਜਾਣ। ਇਸ ਮੌਕੇ ਭਰਥਰੀ ਸ਼ਰਮਾ ਅਤੇ ਜੈ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਰਾਜਿੰਦਰ ਕੁਮਾਰ, ਦਰਸ਼ਨ ਸਿੰਘ, ਰੂਪ ਚੰਦ ਚਾਂਗਲੀ, ਸੁਖਮਿੰਦਰ ਸਿੰਘ ਖੇੜੀ, ਕੁਲਵਰਨ ਸਿੰਘ ਤੇ ਰਾਮ ਲਾਲ ਸ਼ਰਮਾ ਹਾਜ਼ਰ ਸਨ।