Punjab News: 90 ਲੱਖ ਦੀ ਫਿਰੌਤੀ ਮੰਗਣ ਵਾਲਾ ਨਿਕਲਿਆ ਘਰ ਦਾ ਹੀ ਜੀਅ
Instagram ਰਾਹੀਂ ਦਿੱਤੀ ਸੀ ਧਮਕੀ, ਪੁਲੀਸ ਵੱਲੋਂ ਕੇਸ ਦਰਜ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 24 ਮਾਰਚ
ਇੰਸਟਾਗ੍ਰਾਮ ਪੋਸਟ ਰਾਹੀਂ 90 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਇਕ ਮਾਮਲੇ ਦੀ ਪੜਤਾਲ ਕਰਦਿਆਂ ਮੁਕਤਸਰ ਪੁਲੀਸ ਨੇ ਪੀੜਤ ਪਰਿਵਾਰ ਦੇ ਹੀ ਇੱਕ ਪਰਿਵਾਰਕ ਮੈਂਬਰ ਨੂੰ ਹੀ ਇਸ ਮਾਮਲੇ ’ਚ ਸ਼ਾਮਲ ਪਾਇਆ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲੀਸ ਮੁਖੀ ਡਾ. ਅਖਿਲ ਚੌਧਰੀ ਨੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਪੀੜਤ ਵਿਅਕਤੀ ਸੰਦੀਪ ਸਿੰਘ ਮਲੋਟ ਲਾਗਲੇ ਪਿੰਡ ਕਰਮਗੜ੍ਹ ਦਾ ਰਹਿਣ ਵਾਲਾ ਹੈ ਅਤੇ ਮੁਹਾਲੀ ਵਿਖੇ ਸਾਫਟਵੇਅਰ ਇੰਜੀਨੀਅਰ ਹੈ। ਕੁਝ ਦਿਨਾਂ ਤੋਂ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਂ ’ਤੇ ਇੰਸਟਾਗ੍ਰਾਮ ਉਪਰ ਆਈਡੀ ਬਣਾ ਕੇ ਅਤੇ ਸਟੋਰੀਆਂ ਪਾ ਕੇ ਕੋਈ ਨਾਮਲੂਮ ਵਿਅਕਤੀ ਫਿਰੌਤੀ ਮੰਗ ਰਿਹਾ ਸੀ। ਫਿਰੌਤੀ ਵਜੋਂ 90 ਲੱਖ ਰੁਪਏ ਜਾਂ ਫਾਰਚੂਨਰ ਕਾਰ ਜਾਂ ਇੱਕ ਬਿੱਟ ਕੁਆਇਨ ਦੇਣ ਦੀ ਮੰਗ ਕੀਤੀ ਜਾ ਰਹੀ ਸੀ।
ਸੰਦੀਪ ਸਿੰਘ ਨੇ ਇਹ ਸਾਰਾ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਤਾਂ ਪੁਲੀਸ ਨੇ ਇਸ ਸਬੰਧ ਵਿੱਚ 19 ਮਾਰਚ ਨੂੰ ਥਾਣਾ ਕਬਰਵਾਲਾ ਵਿਖੇ ਅਣਪਛਾਤੇ ਵਿਅਕਤੀ ਦੇ ਖਿਲਾਫ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ। ਪੁਲੀਸ ਨੇ ਇਸ ਮਾਮਲੇ ਦੀ ਪੜਤਾਲ ਲਈ ਕਈ ਟੀਮਾਂ ਗਠਿਤ ਕੀਤੀਆਂ ਜਿਨ੍ਹਾਂ ਨੇ ਤਕਨੀਕੀ ਅਤੇ ਮਨੁੱਖੀ ਸੂਝਬੂਝ ਦੀ ਵਰਤੋਂ ਕਰਦਿਆਂ ਪਤਾ ਲਾਇਆ ਕਿ ਇਹ ਕਾਰਾ ਪਰਿਵਾਰ ਦੇ ਇੱਕ ਮੈਂਬਰ ਦਾ ਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਜਲਦੀ ਹੀ ਇਸ ਸਬੰਧੀ ਅਗਲੀ ਕਾਰਵਾਈ ਕਰਦਿਆਂ ਮਾਮਲਾ ਅਦਾਲਤ ਦੇ ਹਵਾਲੇ ਕਰੇਗੀ।
ਡਿਜੀਟਲ ਜਾਗਰੂਕਤਾ ਸਬੰਧੀ ਸਲਾਹ
ਜ਼ਿਲ੍ਹਾ ਪੁਲੀਸ ਮੁਖੀ ਨੇ ਡਿਜੀਟਲ ਜਾਗਰੂਕਤਾ ਸਬੰਧੀ ਸਲਾਹ ਦਿੰਦਿਆਂ ਦੱਸਿਆ ਕਿ ਬੱਚਿਆਂ ਨੂੰ ਆਪਣੀ ਨਿਗਰਾਨੀ ਹੇਠ ਸੋਸ਼ਲ ਮੀਡੀਆ ਦੀ ਵਰਤੋਂ ਕਰਨੀ ਸਿਖਾਈ ਜਾਵੇ ਤੇ ਜੇ ਕੋਈ ਜੀਅ ਨਰਾਜ਼ ਜਾਂ ਪ੍ਰੇਸ਼ਾਨ ਹੈ, ਤਾਂ ਉਸ ਦੀ ਭਾਵਨਾ ਨੂੰ ਸਮਝਦਿਆਂ ਉਸ ਨਾਲ ਖੁੱਲ੍ਹੀ ਬਾਤ ਕਰ ਮਸਲਾ ਹੱਲ ਕੀਤਾ ਜਾਵੇ ਤਾਂ ਜੋ ਨਰਾਜ਼ ਜੀਅ ਗਲਤ ਰਾਹ ’ਤੇ ਨਾ ਪੈ ਜਾਵੇ।