Punjab News: ਪਹਿਲਗਾਮ ਮਾਮਲਾ: ਦੋਵੇਂ ਪਾਸਿਓਂ ਕੋਈ ਆਵਾਜਾਈ ਨਾ ਹੋਣ ਕਾਰਨ ਅਟਾਰੀ ਸਰਹੱਦ ’ਤੇ ਸੁੰਨ ਪੱਸਰੀ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 3 ਮਈ
ਪਹਿਲਗਾਮ ਵਿੱਚ ਵਾਪਰੀ ਅਤਿਵਾਦੀ ਘਟਨਾ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਅਟਾਰੀ ਸਰਹੱਦ ਨੂੰ ਬੰਦ ਕਰਨ ਦੇ ਕੀਤੇ ਗਏ ਫੈਸਲੇ ਤਹਿਤ ਅੱਜ ਅਟਾਰੀ ਸਰਹੱਦ ’ਤੇ ਦੋਵਾਂ ਦੇਸ਼ਾਂ ਵੱਲੋਂ ਕੋਈ ਆਵਾਜਾਈ ਨਾ ਹੋਣ ਕਾਰਨ ਸਰਹੱਦ ਪੂਰੀ ਤਰ੍ਹਾਂ ਸ਼ਾਂਤ ਰਹੀ। ਇਸ ਦੌਰਾਨ ਕੁਝ ਵਿਦੇਸ਼ੀ ਨਾਗਰਿਕ ਅੱਜ ਵੀ ਸਰਹੱਦ ਦੇ ਨੇੜੇ ਪਾਕਿਸਤਾਨ ਜਾਣ ਦੀ ਆਗਿਆ ਮਿਲਣ ਦੀ ਉਡੀਕ ਵਿੱਚ ਉਡੀਕ ਕਰਦੇ ਰਹੇ।
ਭਾਰਤ ਸਰਕਾਰ ਵੱਲੋਂ ਪਹਿਲੀ ਮਈ ਤੋਂ ਅਟਾਰੀ ਸਰਹੱਦ ਨੂੰ ਆਵਾਜਾਈ ਵਾਸਤੇ ਮੁਕੰਮਲ ਤੌਰ ’ਤੇ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ ਪਰ ਲੰਘੇ ਕੱਲ੍ਹ 2 ਮਈ ਨੂੰ ਲਗਪਗ ਦੋ ਦਰਜਨ ਤੋਂ ਵੱਧ ਪਾਕਿਸਤਾਨੀ ਨਾਗਰਿਕਾਂ ਨੂੰ ਪਾਕਿਸਤਾਨ ਭੇਜ ਦਿੱਤਾ ਗਿਆ ਸੀ। ਇਸ ਦੌਰਾਨ ਅੱਜ ਸਰਹੱਦ ’ਤੇ ਦੋਵੇਂ ਪਾਸਿਓਂ ਕਿਸੇ ਵੀ ਤਰ੍ਹਾਂ ਦੀ ਕੋਈ ਆਵਾਜਾਈ ਨਾ ਹੋਣ ਕਾਰਨ ਇਹ ਸਰਹੱਦ ਪੂਰੀ ਤਰ੍ਹਾਂ ਸ਼ਾਂਤ ਰਹੀ। ਆਈਸੀਪੀ ਅਟਾਰੀ ਦੇ ਆਲੇ ਦੁਆਲੇ ਨੀਮ ਫੌਜੀ ਬਲਾਂ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ ਅਤੇ ਕਿਸੇ ਨੂੰ ਵੀ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਅਟਾਰੀ ਸਰਹੱਦ ਦੇ ਨੇੜੇ ਦੂਜੀ ਸੁਰੱਖਿਆ ਪੰਕਤੀ ਵੱਜੋਂ ਪੁਲੀਸ ਵੱਲੋਂ ਵੀ ਸਰਹੱਦੀ ਖੇਤਰ ਵਿੱਚ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕੀਤੀ ਗਈ ਹੈ। ਇਸ ਦੌਰਾਨ ਰਾਤ ਨੂੰ ਕੁਝ ਭਾਰਤੀ ਨਾਗਰਿਕਤਾ ਵਾਲੀਆਂ ਔਰਤਾਂ ਨੂੰ ਵੀ ਸਰਹੱਦ ਤੋਂ ਵਾਪਸ ਪਰਤਣ ਲਈ ਆਖਿਆ ਗਿਆ ਸੀ। ਇਹ ਔਰਤਾਂ ਪਾਕਿਸਤਾਨ ਵਿੱਚ ਵਿਆਹੀਆਂ ਹੋਈਆਂ ਹਨ ਅਤੇ ਪਾਕਿਸਤਾਨ ਜਾਣਾ ਚਾਹੁੰਦੀਆਂ ਹਨ।
ਇਨ੍ਹਾਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਉਹ ਹਵਾਈ ਮਾਰਗ ਰਾਹੀਂ ਦੁਬਈ ਰਸਤੇ ਪਾਕਿਸਤਾਨ ਜਾ ਸਕਦੀਆਂ ਹਨ।
ਭਾਰਤ ਪਾਕਿਸਤਾਨ ਵਿਚਾਲੇ ਤਣਾਅ ਪੂਰਨ ਮਾਹੌਲ ਦੌਰਾਨ ਅਟਾਰੀ ਸਰਹੱਦ ਤੇ ਅਜਿਹੇ ਰਿਸ਼ਤਿਆਂ ਦੀ ਭਾਵੁਕਤਾ ਵਾਲੇ ਕਈ ਮਾਮਲੇ ਸਾਹਮਣੇ ਆਏ ਹਨ।
ਇਸ ਦੌਰਾਨ ਸਰਹੱਦ ’ਤੇ ਆਵਾਜਾਈ ਤੇ ਵਪਾਰ ਖਤਮ ਹੋਣ ਅਤੇ ਰੀਟ੍ਰੀਟ ਰਸਮ ਵਿੱਚ ਵੀ ਸੈਲਾਨੀਆਂ ਦੀ ਆਮਦ ਘੱਟ ਜਾਣ ਕਾਰਨ ਲੋਕਾਂ ਨੂੰ ਬੇਰੁਜ਼ਗਾਰੀ ਦਾ ਦੁੱਖ ਸਤਾਉਣ ਲੱਗਾ ਹੈ। ਪਹਿਲਾਂ ਵੀ ਪੁਲਵਾਮਾ ਹਮਲੇ ਤੋਂ ਬਾਅਦ ਜਦੋਂ ਰੇਲ ਤੇ ਬੱਸ ਆਵਾਜਾਈ ਬੰਦ ਕਰ ਦਿੱਤੀ ਗਈ ਸੀ ਅਤੇ ਦੁਵੱਲਾ ਵਪਾਰ ਬੰਦ ਹੋ ਗਿਆ ਸੀ ਤਾਂ ਉਸ ਵੇਲੇ ਵੀ ਕੁਲੀ, ਟੈਕਸੀ ਤੇ ਟਰੱਕ ਚਾਲਕ ਅਤੇ ਹੋਰ ਕਈ ਲੋਕ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਹੋਏ ਸਨ।