ਕਿਸਾਨਾਂ ਦੇ ‘ਦਿੱਲੀ ਚੱਲੋ’ ਪ੍ਰੋਗਰਾਮ ਕਾਰਨ ਪੰਜਾਬ-ਹਰਿਆਣਾ ਦੀਆਂ ਹੱਦਾਂ ਸੀਲ
ਸਰਬਜੀਤ ਸਿੰਘ ਭੰਗੂ/ਰਤਨ ਸਿੰਘ ਢਿੱਲੋਂ
ਪਟਿਆਲਾ/ਅੰਬਾਲਾ, 10 ਫਰਵਰੀ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਵੱਲੋਂ ਕਿਸਾਨੀ ਮੰਗਾਂ ਅਤੇ ਹੋਰ ਮਸਲਿਆਂ ਦੇ ਹੱਲ ਲਈ 13 ਫਰਵਰੀ ਨੂੰ ਦਿੱਲੀ ਚੱਲੋ ਪ੍ਰੋਗਰਾਮ ਦੇ ਮੱਦੇਨਜ਼ਰ ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਪਟਿਆਲਾ ਅਤੇ ਅੰਬਾਲਾ ਪੁਲੀਸ ਨੇ ਹੱਦਾਂ ਸੀਲ ਕਰਕੇ ਆਵਾਜਾਈ ਨੂੰ ਬਦਲਵੇਂ ਰੂਟਾਂ ਰਾਹੀਂ ਲੰਘਾਉਣਾ ਸ਼ੁਰੂ ਕਰ ਦਿੱਤਾ ਹੈ। ਅੰਬਾਲਾ ਪ੍ਰਸ਼ਾਸਨ ਨੇ ਘੱਗਰ ਦਰਿਆ ’ਤੇ ਬਣੇ ਪੁਲ ਨੂੰ ਵੀ ਬੰਦ ਕਰ ਦਿੱਤਾ ਹੈ ਅਤੇ ਦਰਿਆ ਦੇ ਅੰਦਰ ਖ਼ੁਦਾਈ ਕੀਤੀ ਜਾ ਰਹੀ ਹੈ ਤਾਂ ਕਿ ਕਿਸਾਨ ਇਸ ਵਿਚੋਂ ਟਰੈਕਟਰ ਲੈ ਕੇ ਨਾ ਲੰਘ ਸਕਣ। ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਅੰਬਾਲਾ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਰੈਪਿਡ ਐਕਸ਼ਨ ਫੋਰਸ (ਆਰਏਐਫ) ਦੀ ਟੁਕੜੀ ਵੀ ਸ਼ੰਭੂ ਸਰਹੱਦ ’ਤੇ ਪਹੁੰਚ ਗਈ ਹੈ। ਜਾਣਕਾਰੀ ਅਨੁਸਾਰ ਅੰਬਾਲਾ ਤੇ ਪਟਿਆਲਾ ਪੁਲੀਸ ਨੇ ਸ਼ੰਭੂ ਬੈਰੀਅਰ ’ਤੇ ਵੱਡੀਆਂ ਰੋਕਾਂ ਲਾ ਕੇ ਕੌਮੀ ਮਾਰਗ ਬੰਦ
ਕਰ ਦਿੱਤਾ ਹੈ। ਪਟਿਆਲਾ ਜ਼ਿਲ੍ਹੇ ਵਿੱਚੋਂ ਹਰਿਆਣਾ ਨੂੰ ਜਾਂਦੇ ਦੋ ਹੋਰ ਪ੍ਰਮੁੱਖ ਮਾਰਗਾਂ ’ਤੇ ਸਖਤ ਬੈਰੀਕੇਡਿੰਗ ਕਰ ਦਿੱਤੀ ਗਈ ਹੈ। ਇਨ੍ਹਾਂ ਦੋ ਪ੍ਰਮੁੱਖ ਮਾਰਗਾਂ ਵਿਚ ਪਾਤੜਾਂ ਖੇਤਰ ਵਿਚਲੇ ਢਾਬੀ ਗੁੱਜਰਾਂ ਅਤੇ ਸਮਾਣਾ ਹਲਕੇ ਵਿੱਚ ਚੀਕਾ ਰੋਡ ’ਤੇ ਰਾਮਨਗਰ ਦਾ ਬੈਰੀਅਰ ਸ਼ਾਮਲ ਹੈ। ਘੱਗਰ ਪੁਲ ’ਤੇ 10 ਫਰਵਰੀ ਦੀ ਸਵੇਰ ਤੋਂ ਹੀ ਆਵਾਜਾਈ ਮੁਕੰਮਲ ਰੂਪ ਵਿੱਚ ਬੰਦ ਹੋ ਚੁੱਕੀ ਹੈ। ਅੱਜ ਕਿਸਾਨਾਂ ਨੇ ਸ਼ੰਭੂ ਪਹੁੰਚ ਕੇ ਰੋਸ ਮੁਜ਼ਾਹਰਾ ਵੀ ਕੀਤਾ।
ਕਿਸਾਨ ਅੰਦੋਲਨ ਨਾਲ ਸਿੱਝਣ ਲਈ ਵਿਸ਼ੇਸ਼ ਕੱਪੜੇ ਪਾਉਣਗੇ ਜਵਾਨ
ਕਿਸਾਨ ਅੰਦੋਲਨ ਨਾਲ ਨਜਿੱਠਣ ਲਈ ਵਿਸ਼ੇਸ਼ ਪੁਲੀਸ ਟੁਕੜੀਆਂ ਲਈ ਫੁੱਲ ਬਾਡੀ ਪ੍ਰੋਟੈਕਟਰ ਗਿਅਰ ਸੂਟ ਆਰਡਰ ਕੀਤੇ ਗਏ ਹਨ ਜਿਸ ਨੂੰ ਪਹਿਨਣ ਤੋਂ ਬਾਅਦ ਜਵਾਨਾਂ ’ਤੇ ਲਾਠੀਆਂ, ਡੰਡੇ ਅਤੇ ਪੱਥਰਾਂ ਦਾ ਅਸਰ ਵੀ ਨਹੀਂ ਹੋਵੇਗਾ। ਸ਼ੰਭੂ ਬਾਰਡਰ ’ਤੇ ਵਿਸ਼ੇਸ਼ ਡਰੋਨ ਤਾਇਨਾਤ ਕੀਤਾ ਗਿਆ ਹੈ ਇਸ ਡਰੋਨ ’ਤੇ ਮੀਂਹ ਦਾ ਵੀ ਕੋਈ ਅਸਰ ਨਹੀਂ ਹੋਵੇਗਾ। ਪੁਲੀਸ ਕਿਸਾਨਾਂ ਨੂੰ ਰੋਕਣ ਲਈ ਚਾਰ ਮਲਟੀ-ਬੈਰਲ ਲਾਂਚਰ ਗੰਨ ਨਾਲ ਲੈਸ ਨਵੇਂ ਵਾਹਨ ਤਾਇਨਾਤ ਕਰ ਰਹੀ ਹੈ ਜਿਨ੍ਹਾਂ ਤੋਂ ਅੱਧੀ ਦਰਜਨ ਦੇ ਕਰੀਬ ਅੱਥਰੂ ਗੈਸ ਦੇ ਗੋਲੇ ਇੱਕੋ ਵੇਲੇ ਦਾਗੇ ਜਾ ਸਕਦੇ ਹਨ।
ਹਰਿਆਣਾ ਦੇ ਸੱਤ ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾਵਾਂ ਮੁਅੱਤਲ
ਅੰਬਾਲਾ: ਕਿਸਾਨ ਅੰਦੋਲਨ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਦੇ ਗ੍ਰਹਿ ਵਿਭਾਗ ਦੇ ਵਧੀਕ ਸਕੱਤਰ ਟੀਵੀਐੱਸਐੱਨ ਪ੍ਰਸਾਦ ਨੇ ਅੱਜ ਦੇਰ ਸ਼ਾਮ ਨੂੰ ਹੁਕਮ ਜਾਰੀ ਕਰਕੇ ਹਰਿਆਣਾ ਦੇ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ ਅਤੇ ਸਿਰਸਾ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਜਾਰੀ ਹੁਕਮ ਅਨੁਸਾਰ ਇਹ ਸੇਵਾਵਾਂ ਭਲਕੇ 11 ਫਰਵਰੀ ਸਵੇਰ 6 ਵਜੇ ਤੋਂ 13 ਫਰਵਰੀ ਰਾਤ 11.59 ਵਜੇ ਤੱਕ ਮੁਅੱਤਲ ਰਹਿਣਗੀਆਂ।