ਪੰਜਾਬ ਸਰਕਾਰ ਵੱਲੋਂ ਡੇਅਰੀਆਂ, ਦੁਕਾਨਾਂ ਦੀ ਅਚਨਚੇਤ ਜਾਂਚ; ਭੋਜਨ ਦੇ ਨਮੂਨੇ ਇਕੱਠੇ ਕੀਤੇ
ਚੰਡੀਗੜ੍ਹ, 25 ਮਾਰਚ
ਪੰਜਾਬ ਦੇ ਵਿਜੀਲੈਂਸ ਬਿਊਰੋ ਅਤੇ ਫੂਡ ਸੇਫਟੀ ਵਿਭਾਗ ਨੇ ਫਤਿਹਗੜ੍ਹ ਸਾਹਿਬ ਅਤੇ ਰੂਪਨਗਰ ਵਿਚ ਕਈ ਡੇਅਰੀਆਂ ਅਤੇ ਦੁਕਾਨਾਂ ਦੀ ਅਚਨਚੇਤ ਜਾਂਚ ਕੀਤੀ ਹੈ, ਜਿਸ ਵਿੱਚ ਦੁੱਧ ਉਤਪਾਦਾਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦੇ ਨਮੂਨੇ ਜਾਂਚ ਲਈ ਇਕੱਠੇ ਕੀਤੇ ਗਏ ਹਨ। ਇਕ ਅਧਿਕਾਰਤ ਬਿਆਨ ਅਨੁਸਾਰ ਸੋਮਵਾਰ ਨੂੰ ਸਾਂਝੇ ਆਪ੍ਰੇਸ਼ਨ ਦੌਰਾਨ ਦੁੱਧ, ਦਹੀਂ ਅਤੇ ਪਨੀਰ ਦੇ ਕਈ ਨਮੂਨੇ ਇਕੱਠੇ ਕੀਤੇ ਗਏ। ਕੁਝ ਗੈਰ-ਲਾਇਸੈਂਸਸ਼ੁਦਾ ਵਿਕਰੇਤਾਵਾਂ ਤੋਂ ਸਪਰਿੰਗ ਰੋਲ, ਡੰਪਲਿੰਗ, ਬੇਕਰੀ ਆਈਟਮਾਂ, ਬਰੈੱਡ ਅਤੇ ਘਿਓ ਦੇ ਨਮੂਨੇ ਵੀ ਇਕੱਠੇ ਕੀਤੇ ਗਏ ਅਤੇ ਗੁਣਵੱਤਾ ਅਤੇ ਸ਼ੁੱਧਤਾ ਦੀ ਜਾਂਚ ਲਈ ਪ੍ਰਯੋਗਸ਼ਾਲਾਵਾਂ ਵਿੱਚ ਭੇਜੇ ਗਏ ਹਨ।
ਇਸ ਤੋਂ ਇਲਾਵਾ ਦੁਕਾਨ ਮਾਲਕਾਂ ਨੂੰ ਲਾਇਸੈਂਸ ਤੋਂ ਬਿਨਾਂ ਕੰਮ ਕਰਨ ਜਾਂ ਮਾੜੇ ਸਫਾਈ ਮਾਪਦੰਡਾਂ ਲਈ ਨੋਟਿਸ ਜਾਰੀ ਕੀਤੇ ਗਏ ਅਤੇ ਕਈ ਮਾਮਲਿਆਂ ਵਿੱਚ ਜੁਰਮਾਨੇ ਕੀਤੇ ਗਏ ਸਨ। ਇਹ ਅਚਾਨਕ ਜਾਂਚ ਪੰਜਾਬ ਸਰਕਾਰ ਦੀ ਭੋਜਨ ਮਿਲਾਵਟਖੋਰੀ ਵਿਰੁੱਧ ਕੀਤੀ ਗਈ ਸਖ਼ਤੀ ਦਾ ਹਿੱਸਾ ਸੀ। ਵਿਜੀਲੈਂਸ ਬਿਊਰੋ ਨੇ ਇਕ ਸਖ਼ਤ ਚੇਤਾਵਨੀ ਜਾਰੀ ਕਰਦਿਆਂ ਕਿਹਾ, "ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਭੋਜਨ ਮਿਲਾਵਟਖੋਰੀ ਪ੍ਰਤੀ ਜ਼ੀਰੋ-ਟੌਲਰੈਂਸ ਨੀਤੀ ਅਪਣਾਈ ਹੈ।" "ਆਉਣ ਵਾਲੇ ਦਿਨਾਂ ਵਿੱਚ ਇਸ ਖ਼ਤਰੇ ਨੂੰ ਜੜ੍ਹੋਂ ਪੁੱਟਣ ਲਈ ਇਕ ਨਿਰੰਤਰ ਮੁਹਿੰਮ ਜਾਰੀ ਰਹੇਗੀ। ਜੇਕਰ ਪ੍ਰਯੋਗਸ਼ਾਲਾ ਜਾਂਚ ਰਾਹੀਂ ਕਿਸੇ ਵੀ ਮਿਲਾਵਟ ਦੀ ਪੁਸ਼ਟੀ ਹੁੰਦੀ ਹੈ ਤਾਂ ਕਾਨੂੰਨੀ ਕਾਰਵਾਈ ਤੇਜ਼ ਅਤੇ ਸਖ਼ਤ ਹੋਵੇਗੀ।’’
ਅਧਿਕਾਰੀਆਂ ਨੇ ਨਿਰੀਖਣ ਦੌਰਾਨ ਡੇਅਰੀ ਮਾਲਕਾਂ, ਮਿਠਾਈ ਦੀਆਂ ਦੁਕਾਨਾਂ ਅਤੇ ਫੂਡ ਜੁਆਇੰਟ ਆਪਰੇਟਰਾਂ ਨੂੰ ਮਿਲਾਵਟ ਦੇ ਨਤੀਜਿਆਂ ਬਾਰੇ ਚੇਤਾਵਨੀ ਦਿੱਤੀ।-ਪੀਟੀਆਈ