ਦੁਕਾਨਦਾਰਾਂ ਵੱਲੋਂ ਟੈਲੀਕਾਮ ਕੰਪਨੀਆਂ ਖ਼ਿਲਾਫ਼ ਮੁਜ਼ਾਹਰਾ
ਪਵਨ ਗੋਇਲ
ਭੁੱਚੋ ਮੰਡੀ, 9 ਜੂਨ
ਟੈਲੀਕਾਮ ਕੰਪਨੀਆਂ ਵੱਲੋਂ ਸਿਮ ਦੀ ਗ਼ਲਤ ਵਰਤੋਂ ਕਰਨ ਵਾਲੇ ਉਪਭੋਗਤਾ ਦੀ ਬਜਾਇ ਸਿਮ ਕਾਰਡ ਐਕਟੀਵੇਟ ਕਰਨ ਵਾਲੇ ਦੁਕਾਨਦਾਰ ਨੂੰ ਪੁਲੀਸ ਜ਼ਰੀਏ ਪ੍ਰੇਸ਼ਾਨ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਮੋਬਾਈਲ ਵਿਕਰੇਤਾਵਾਂ ਨੇ ਸਥਾਨਕ ਰੇਲਵੇ ਬਾਜ਼ਾਰ ਵਿੱਚ ਟੈਲੀਕਾਮ ਕੰਪਨੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸਿਮ ਕਾਰਡ ਦੀ ਗ਼ਲਤ ਵਰਤੋਂ ਕਰਨ ਵਾਲੇ ਉਪਭੋਗਤਾ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਦੁਕਾਨਦਾਰਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਦੁਕਾਨਦਾਰਾਂ ਦੀ ਪ੍ਰੇਸ਼ਾਨੀ ਬੰਦ ਹੋਣ ਤੱਕ ਉਹ ਕਿਸੇ ਵੀ ਕੰਪਨੀ ਦਾ ਨਵਾਂ ਸਿਮ ਕਾਰਡ ਐਕਟੀਵੇਟ ਨਹੀਂ ਕਰਨਗੇ।
ਦੁਕਾਨਦਾਰਾਂ ਨੇ ਕਿਹਾ ਕਿ ਉਹ ਟੈਲੀਕਾਮ ਕੰਪਨੀ ਦੇ ਆਨਲਾਈਨ ਸਾਫਟਵੇਅਰ ‘ਤੇ ਹੀ ਉਪਭੋਗਤਾ ਦਾ ਡੇਟਾ ਅਪਲੋਡ ਕਰਦੇ ਹਨ। ਇਸ ਵਿੱਚ ਉਸ ਦਾ ਆਧਾਰ ਕਾਰਡ, ਫਿੰਗਰ ਪ੍ਰਿੰਟ ਅਤੇ ਲਾਈਵ ਫੋਟੋ ਅਪਲੋਡ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਹੀ ਕੰਪਨੀ ਸਿਮ ਐਕਟੀਵੇਟ ਕਰਦੀ ਹੈ। ਦੁਕਾਨਦਾਰ ਆਪਣੀ ਮਰਜ਼ੀ ਨਾਲ ਕਿਸੇ ਨੂੰ ਵੀ ਸਿਮ ਅਲਾਟ ਨਹੀਂ ਕਰਦੇ ਤਾਂ ਬੇਕਸੂਰ ਦੁਕਾਨਦਾਰਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਨਾ ਕੀਤਾ ਜਾਵੇ। ਕੰਪਨੀਆਂ ਦੀ ਇਸ ਕਾਰਵਾਈ ਕਾਰਨ ਦੁਕਾਨਦਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।