ਗਰਮੀ: ਮਾਲਵੇ ’ਚ ਲੋਕਾਂ ਨੂੰ ਕੁਝ ਦਿਨ ਹੋਰ ਸੇੇਕੇਗੀ ਧੁੱਪ
ਜੋਗਿੰਦਰ ਸਿੰਘ ਮਾਨ
ਮਾਨਸਾ, 11 ਜੂਨ
ਜੇਠ ਮਹੀਨੇ ਦੇ ਰਹਿੰਦੇ ਦਿਨ ਵੀ ਮਾਲਵਾ ਖੇਤਰ ਵਿੱਚ ਤੇਜ਼ ਤਪਸ਼ ਬਣੀ ਰਹੇਗੀ ਅਤੇ ਚੜ੍ਹਦੇ ਹਾੜ੍ਹ ਮੌਸਮ ਵਿੱਚ ਕੁਝ ਨਰਮੀ ਹੋਣ ਦੀ ਉਮੀਦ ਹੈ। ਪਿਛਲੇ ਚਾਰ ਦਿਨਾਂ ਤੋਂ ਮਾਲਵਾ ਖੇਤਰ ਤਪਿਆ ਹੋਇਆ ਹੈ ਤੇ ਚਾਰ ਦਿਨ ਹੋਰ ਤਪਿਆ ਰਹੇਗਾ। ਇਹ ਸੂਚਨਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਮਾਹਿਰਾਂ ਵੱਲੋਂ ਸਾਂਝੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ 15 ਜੂਨ ਨੂੰ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ 13 ਜੂਨ ਦੀ ਰਾਤ ਤੋਂ ਮੌਸਮ ਵਿੱਚ ਕੁਝ ਤਬਦੀਲੀ ਹੋਣ ਦੀ ਉਮੀਦ ਹੈ ਪਰ ਤਾਪਮਾਨ ਘਟਣ ਦੀ ਉਮੀਦ ਨਹੀਂ ਹੈ।
ਮੌਸਮ ਵਿਗਿਆਨੀ ਜਤਿੰਦਰ ਕੌਰ ਨੇ ਦੱਸਿਆ ਕਿ 13 ਜੂਨ ਤੱਕ ਹਰ ਦਿਨ ਸਮੇਂ ਲੂ ਚੱਲਣ ਕਾਰਨ ਲੋਕਾਂ ਨੂੰ ਤਪਸ਼ ਸਹਿਣੀ ਪਵੇਗੀ। ਉਨ੍ਹਾਂ ਕਿਹਾ ਕਿ 14 ਜੂਨ ਦੀ ਸ਼ਾਮ ਅਤੇ 15 ਜੂਨ ਨੂੰ ਕਈ ਹਿੱਸਿਆਂ ’ਚ ਤੇਜ਼ ਹਵਾਵਾਂ ਦੇ ਨਾਲ ਹਲਕੀਆਂ ਕਣੀਆਂ ਪੈਣ ਦੀ ਸੰਭਾਵਨਾ ਹੈ, ਪਰ ਇਹ ਮਾਲਵਾ ਖੇਤਰ ਵਿੱਚ 15 ਜੂਨ ਤੋਂ ਮਗਰੋਂ ਹੀ ਛਿੱਟੇ ਪੈਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ 45 ਡਿਗਰੀ ਸੈਂਟੀਗਰੇਡ ਤੋਂ ਉਪਰ ਪਾਰਾ ਜਾ ਸਕਦਾ ਹੈ।
ਉਧਰ ਅੱਜ ਮਾਨਸਾ ਸਮੇਤ ਬਠਿੰਡਾ, ਬਰਨਾਲਾ, ਸੰਗਰੂਰ, ਫ਼ਰੀਦਕੋਟ, ਮੋਗਾ, ਮੁਕਤਸਰ, ਫਾਜ਼ਿਲਕਾ, ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਤਪਸ਼ ਸਵੇਰੇ ਸ਼ੁਰੂ ਹੋ ਗਈ ਅਤੇ ਸੇਕ ਕਾਰਨ ਲੋਕ ਸ਼ਾਮ ਤੱਕ ਘਰਾਂ ਵਿੱਚ ਬੰਦ ਰਹੇ। ਇਸ ਇਲਾਕੇ ਵਿੱਚ ਸਵੇਰੇ 10 ਵਜੇ ਤੋਂ ਬਾਅਦ ਪਾਰਾ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਤੋਂ ਬਾਅਦ ਜਿਵੇਂ-ਜਿਵੇਂ ਦੁਪਹਿਰ ਹੁੰਦੀ ਜਾਂਦੀ ਹੈ ਗਰਮੀ ਵਧਦੀ ਜਾਂਦੀ ਹੈ। ਖੇਤਾਂ ਵਿੱਚ ਖੜ੍ਹੀ ਝੋਨੇ ਦੀ ਪਨੀਰੀ ਲੂ ਚੱਲਣ ਕਾਰਨ ਮੱਚ ਰਹੀ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਖੇਤੀ ਮੋਟਰਾਂ ਲਈ 8 ਘੰਟੇ ਤੋਂ ਵੱਧ ਬਿਜਲੀ ਦਿੱਤੀ ਜਾ ਰਹੀ ਹੈ, ਪਰ ਮਾਲਵਾ ਖੇਤਰ ਦੇ ਜਿਹੜੇ ਜ਼ਿਲ੍ਹਿਆਂ ਵਿੱਚ ਪਹਿਲੀ ਜੂਨ ਤੋਂ ਝੋਨੇ ਦੀ ਲੁਆਈ ਆਰੰਭ ਕੀਤੀ ਗਈ ਹੈ, ਉਥੇ ਹੁਣ ਤੇਜ਼ ਤਪਸ਼ ਕਾਰਨ ਖੇਤਾਂ ਵਿੱਚ ਪਾਣੀ ਸੁੱਕ ਰਿਹਾ ਹੈ। ਝੋਨੇ ਦੇ ਖੇਤਾਂ ਵਿੱਚ ਪਾਣੀ ਨਾ ਰਹਿਣ ਕਾਰਨ ਫ਼ਸਲ ਮੱਚ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਮੀਂਹ ਨਹੀਂ ਪੈਂਦਾ, ਓਨਾ ਚਿਰ ਤੱਕ ਪਾਣੀ ਨਾ ਖੜ੍ਹਨ ਦੀ ਅਜਿਹੀ ਸਥਿਤੀ ਬਣੀ ਰਹੇਗੀ।