ਹੁਸੈਨੀਵਾਲਾ ਸ਼ਹੀਦੀ ਯਾਦਗਾਰ ’ਤੇ ਲਾਈਟ ਐਂਡ ਸਾਊਂਡ ਸ਼ੋਅ ਦੋ ਸਾਲ ਤੋਂ ਬੰਦ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 11 ਜੂਨ
ਇਥੇ ਹੁਸੈਨੀਵਾਲਾ ਕੌਮੀ ਸ਼ਹੀਦੀ ਯਾਦਗਾਰ ’ਤੇ ਦੇਸ਼ ਭਗਤੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਸਥਾਪਿਤ ਕੀਤਾ ਗਿਆ ਲਾਈਟ ਐਂਡ ਸਾਊਂਡ ਸ਼ੋਅ ਪਿਛਲੇ ਲਗਪਗ 2 ਸਾਲਾਂ ਤੋਂ ਬੰਦ ਪਿਆ ਹੈ। ਇਸ ਕਾਰਨ ਨਾ ਸਿਰਫ਼ ਬਾਹਰੋਂ ਆਉਣ ਵਾਲੇ ਸੈਲਾਨੀ ਸਗੋਂ ਮੁਕਾਮੀ ਲੋਕ ਵੀ ਨਿਰਾਸ਼ ਹਨ।
ਨਵੰਬਰ 2021 ਵਿੱਚ ਕੇਂਦਰ ਸਰਕਾਰ ਦੀ ਸਵਦੇਸ਼ ਦਰਸ਼ਨ ਯੋਜਨਾ ਤਹਿਤ ਇਸ ਪ੍ਰਾਜੈਕਟ ਨੂੰ 45.7 ਕਰੋੜ ਰੁਪਏ ਦੀ ਲਾਗਤ ਨਾਲ ਲਾਂਚ ਕੀਤਾ ਗਿਆ ਸੀ। 41 ਮਿੰਟ ਦਾ ਇਹ ਆਡੀਓ-ਵਿਜ਼ੂਅਲ ਸਿਸਟਮ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਮਹਾਨ ਸੁਤੰਤਰਤਾ ਸੈਨਾਨੀਆਂ ਦੀਆਂ ਯਾਦਾਂ ਨੂੰ ਲੋਕਾਂ ਦੇ ਮਨਾਂ ਵਿੱਚ ਵਸਾਉਣ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਸੀ। ਇਸ ਸ਼ੋਅ ਵਿੱਚ ਭਾਰਤ ਦੇ ਸੁਤੰਤਰਤਾ ਸੰਗਰਾਮ ਦੀ ਕਹਾਣੀ ਨੂੰ ਅਤਿ-ਆਧੁਨਿਕ ਪ੍ਰਾਜੈਕਸ਼ਨ ਅਤੇ ਧੁਨੀ ਪ੍ਰਣਾਲੀ ਰਾਹੀਂ ਪੇਸ਼ ਕੀਤਾ ਜਾਂਦਾ ਸੀ, ਜਿਸ ਨੇ ਪੰਜਾਬ ਅਤੇ ਹੋਰਨਾਂ ਰਾਜਾਂ ਦੇ ਸੈਲਾਨੀਆਂ ਨੂੰ ਖੂਬ ਆਕਰਸ਼ਿਤ ਕੀਤਾ।
ਅਗਸਤ 2023 ਵਿੱਚ ਮੌਨਸੂਨ ਦੌਰਾਨ ਸਤਲੁਜ ਦਰਿਆ ਵਿੱਚ ਜਲ ਪੱਧਰ ਵਧਣ ਕਾਰਨ ਇਸ ਸ਼ੋਅ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸਰਹੱਦੀ ਖੇਤਰ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਪੂਰਾ ਸਿਸਟਮ ਹੀ ਠੱਪ ਹੋ ਗਿਆ। ਹੜ੍ਹਾਂ ਨਾਲ ਸ਼ਹੀਦੀ ਸਮਾਰਕ ਖੇਤਰ ਵਿੱਚ ਪਾਣੀ ਭਰਨ ਕਾਰਨ ਸ਼ੋਅ ਲਈ ਜ਼ਰੂਰੀ ਹਾਰਡਵੇਅਰ, ਖਾਸ ਕਰਕੇ ਪੰਜ ਹਾਈ-ਪਾਵਰ ਪ੍ਰਾਜੈਕਟਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ। ਇਸ ਕਾਰਨ ਸਿਸਟਮ ਪੂਰੀ ਤਰ੍ਹਾਂ ਨਾਲ ਬੰਦ ਹੋ ਗਿਆ ਹੈ। ਇਹ ਸ਼ੋਅ, ਜੋ ਇੱਕ ਸਮੇਂ ਸੈਲਾਨੀਆਂ ਲਈ ਮੁੱਖ ਖਿੱਚ ਦਾ ਕੇਂਦਰ ਸੀ, ਬੀਕੇ ਦੱਤ, ਚੰਦਰਸ਼ੇਖਰ ਆਜ਼ਾਦ ਅਤੇ ਲਾਲਾ ਲਾਜਪਤ ਰਾਏ ਸਮੇਤ ਕਈ ਕ੍ਰਾਂਤੀਕਾਰੀਆਂ ਦੀਆਂ ਕੁਰਬਾਨੀਆਂ ਨੂੰ ਦਰਸਾਉਂਦਾ ਸੀ।
ਲਾਈਟ ਐਂਡ ਸਾਊਂਡ ਸ਼ੋਅ ਦਾ ਪ੍ਰਬੰਧਨ ਟ੍ਰਾਈਕਲਰ ਇੰਡੀਆ ਸ਼ਾਸਪੀਲ ਪ੍ਰਾਈਵੇਟ ਲਿਮਟਿਡ ਦੁਆਰਾ ਕੀਤਾ ਜਾ ਰਿਹਾ ਸੀ, ਜਿਸ ਨੇ ਪੰਜ ਸਾਲਾਂ ਦੇ ਰੱਖ-ਰਖਾਅ ਦੇ ਇਕਰਾਰਨਾਮੇ ’ਤੇ ਦਸਤਖ਼ਤ ਕੀਤੇ ਸਨ ਪਰ ਕੰਪਨੀ ਨੇ ਹੜ੍ਹ ਨੂੰ ਕੁਦਰਤੀ ਆਫ਼ਤ ਦੱਸਦਿਆਂ ਮੁਰੰਮਤ ਦਾ ਖਰਚਾ ਚੁੱਕਣ ਤੋਂ ਇਨਕਾਰ ਕਰ ਦਿੱਤਾ ਹੈ। ਕੰਪਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੇ ਜ਼ਿੰਮੇਵਾਰੀ ਦੇ ਦਾਇਰੇ ਵਿੱਚ ਨਹੀਂ ਆਉਂਦਾ।
ਇਸ ਸਬੰਧੀ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਪੰਜਾਬ ਸੈਰ-ਸਪਾਟਾ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਇਸ ਨੂੰ ਜਲਦ ਹੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਗਰਾਊਂਡ ਟੀਮ ਨਾਲ ਮੀਟਿੰਗ ਕੀਤੀ ਗਈ ਹੈ, ਜਿਸ ਵਿੱਚ ਸਿਸਟਮ ਦੇ ਕੁਝ ਉਪਕਰਨ ਠੀਕ ਹਨ ਅਤੇ ਕੁਝ ਦੀ ਲੋੜ ਹੈ, ਜਿਸ ’ਤੇ ਕੰਮ ਕੀਤਾ ਜਾ ਰਿਹਾ ਹੈ। ਆਮ ਲੋਕਾਂ ਦਾ ਮੰਨਣਾ ਹੈ ਕਿ ਅਜਿਹੀਆਂ ਸਹੂਲਤਾਂ ਫ਼ਿਰੋਜ਼ਪੁਰ ਨੂੰ ਇੱਕ ਪ੍ਰਮੁੱਖ ਸੈਰ-ਸਪਾਟਾ ਸਥਾਨ ਬਣਾਉਣਗੀਆਂ ਅਤੇ ਵਪਾਰ ਦੇ ਮੌਕੇ ਵੀ ਵਧਾਉਣਗੀਆਂ, ਇਸ ਲਈ ਸਬੰਧਤ ਵਿਭਾਗ ਨੂੰ ਇਸ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਅਤੇ ਲਾਈਟ ਐਂਡ ਸਾਊਂਡ ਸ਼ੋਅ ਨੂੰ ਜਲਦ ਤੋਂ ਜਲਦ ਚਾਲੂ ਕਰਨਾ ਚਾਹੀਦਾ ਹੈ।