ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਮੁਜ਼ਾਹਰਾ
ਪੱਤਰ ਪ੍ਰੇਰਕ
ਜਲੰਧਰ, 6 ਜੂਨ
ਨਕੋਦਰ ਤੇ ਮਹਿਤਪੁਰ ਬਲਾਕਾਂ ਨਾਲ ਸਬੰਧਤ ਮਨਰੇਗਾ ਵਰਕਰਾਂ ਨੇ ਵੀਡੀਪੀਓ ਵੱਲੋਂ ਮਨਰੇਗਾ ਕਾਨੂੰਨ ਨੂੰ ਅਧਿਕਾਰੀਆਂ ਵੱਲੋਂ ਸਹੀ ਢੰਗ ਨਾਲ ਲਾਗੂ ਕਰਨ ਦੀ ਥਾਂ ਮਨਮਾਨੇ ਢੰਗ ਨਾਲ ਚਲਾਉਣ ਦੇ ਵਿਰੋਧ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਨਕੋਦਰ ਵਿੱਚ ਮੁਜ਼ਾਹਰਾ ਕਰਨ ਤੋਂ ਬਾਅਦ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਤੇ ਐੱਸਡੀਐਮ ਨਕੋਦਰ ਦੇ ਨਾਂ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤੇ ਗਏ। ਇਨ੍ਹਾਂ ਪੱਤਰਾਂ ਵਿਚ ਕਿਹਾ ਗਿਆ ਹੈ ਕਿ ਮਨਰੇਗਾ ਵਰਕਰਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹਾਲ ਲਈ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਯੂਨੀਅਨ ਨਾਲ ਮੀਟਿੰਗ ਕੀਤੀ ਜਾਵੇ ਤਾਂ ਕੀ ਮਨਮਾਨੀਆਂ ਕਰਨ ਵਾਲੇ ਅਧਿਕਾਰੀਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਗ੍ਰਾਮ ਸਭਾਵਾਂ, ਸੋਸ਼ਲ ਆਡਿਟ ਅਤੇ ਪਾਰਦਰਸ਼ਤਾ ਦੀ ਅਣਹੋਂਦ ਕਾਰਨ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹੰਸਰਾਜ ਪੱਬਮਾ, ਚੰਨਣ ਸਿੰਘ, ਅਨਿਤ ਸੰਧੂ, ਬਖ਼ਸ਼ੋ ਖੁਰਸ਼ੈਦਪੁਰ, ਮਮਤਾ ਨਵਾਂ ਪਿੰਡ, ਜਸਵਿੰਦਰ ਮਹਿਸਮਪੁਰ, ਹਰਵਿੰਦਰ ਕੌਰ ਮੰਡ, ਮਨਜੀਤ ਕੌਰ, ਰਛਪਾਲ ਨਤਾ ਆਦਿ ਨੇ ਮਜ਼ਦੂਰਾਂ ਨੂੰ ਸੰਬੋਧਨ ਕੀਤਾ।