ਕਿਸਾਨਾਂ ਵੱਲੋਂ ਪ੍ਰੀਪੇਡ ਮੀਟਰਾਂ ਖ਼ਿਲਾਫ਼ ਪਾਵਰਕੌਮ ਦਫ਼ਤਰ ਅੱਗੇ ਮੁਜ਼ਾਹਰਾ
ਪੱਤਰ ਪ੍ਰੇਰਕ
ਫਤਿਹਗੜ੍ਹ ਪੰਜਤੂਰ, 8 ਜੂਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਇੱਥੋਂ ਦੇ ਪਾਵਰਕੌਮ ਦਫ਼ਤਰ ਅੱਗ ਪ੍ਰੀਪੇਡ ਮੀਟਰਾਂ ਖ਼ਿਲਾਫ਼ ਤੇ ਬਿਜਲੀ ਸਬੰਧੀ ਸਮੱਸਿਆਵਾਂ ਨੂੰ ਲੈ ਕੇ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸ਼ਾਹ ਵਾਲਾ, ਜ਼ੋਨ ਪ੍ਰਧਾਨ ਹਰਬੰਸ ਸਿੰਘ ਤੇ ਜ਼ਿਲਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਧਰਮ ਸਿੰਘ ਵਾਲਾ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਬਿਜਲੀ ਮਹਿਕਮੇ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਵੱਲ ਵੱਧ ਰਹੀ ਹੈ, ਇਸ ਲਈ ਪੰਜਾਬ ਸਰਕਾਰ ਪ੍ਰੀਪੇਡ ਮੀਟਰ ਲਗਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਖਪਤਕਾਰਾਂ ਦੇ ਘਰਾਂ ਵਿੱਚ ਪ੍ਰੀਪੇਡ ਸਮਾਰਟ ਮੀਟਰ ਲਗਾਉਣ ਦਾ ਕੀਤਾ ਫ਼ੈਸਲਾ ਤਰੁੰਤ ਰੱਦ ਕੀਤਾ ਜਾਵੇ ਅਤੇ ਨਵੇਂ ਮੀਟਰ ਅਪਲਾਈ ਕਰਨ ਜਾਂ ਸੜ ਜਾਣ ਦੀ ਸੂਰਤ ਵਿੱਚ ਖਪਤਕਾਰਾਂ ਨੂੰ ਧੱਕੇ ਨਾਲ ਪ੍ਰੀਪੇਡ ਮੀਟਰ ਲਵਾਉਣ ਲਈ ਮਜਬੂਰ ਕਰਨਾ ਬੰਦ ਕੀਤਾ ਜਾਵੇ। ਕਿਸਾਨ ਨੇਤਾਵਾਂ ਕਿਹਾ ਕਿ ਬਿਜਲੀ ਸੋਧ ਬਿੱਲ 2022 ਦੀ ਤਜਵੀਜ਼ ਜੋ ਪਾਰਲੀਮੈਂਟ ਵਿੱਚ ਸਟੈਂਡਿੰਗ ਕਮੇਟੀ ਕੋਲ ਪਈ ਨੂੰ ਵੀ ਤਰੁੰਤ ਰੱਦ ਕੀਤਾ ਜਾਵੇ, ਖੇਤੀ ਮੋਟਰਾਂ ਬਿਜਲੀ ਸਪਲਾਈ 16 ਘੰਟੇ ਕੀਤੀ ਜਾਵੇ ਤੇ ਇਸ ਨੂੰ ਝੋਨੇ ਦੀ ਲਵਾਈ ਲਈ 10 ਜੂਨ ਤੋਂ ਪੰਜਾਬ ਭਰ ਵਿੱਚ ਸ਼ੁਰੂ ਕੀਤਾ ਜਾਵੇ, ਘਰੇਲੂ ਬਿਜਲੀ ਸਪਲਾਈ 24 ਘੰਟੇ ਕੀਤੀ ਜਾਵੇ, ਪਾਵਰਕੌਮ ਵਿੱਚ ਠੇਕੇਦਾਰੀ ਸਿਸਟਮ ਰੱਦ ਕਰਕੇ ਹਜ਼ਾਰਾਂ ਖਾਲੀ ਪਈਆਂ ਅਸਾਮੀਆਂ ਤਰੁੰਤ ਭਰੀਆਂ ਜਾਣ ਤੇ ਬਿਜਲੀ ਨਾਲ ਸਬੰਧਤ ਸਾਰਾ ਕੰਮ ਕਾਜ ਪਾਵਰਕੌਮ ਆਪਣੇ ਹੱਥਾਂ ਵਿੱਚ ਲਵੇ, ਬਿਜਲੀ ਸਪਲਾਈ ਨਾਲ ਕਣਕ ਤੇ ਨਾੜ ਨੂੰ ਅੱਗ ਲੱਗਣ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਪਾਵਰਕੌਮ ਵਲੋਂ ਕੀਤੀ ਜਾਵੇ। ਕਿਸਾਨ ਆਗੂਆਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਕਤ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਜੇਕਰ ਪਿੰਡਾਂ ਵਿੱਚ ਪ੍ਰੀਪੇਡ ਮੀਟਰ ਲਾਉਣ ਆਏ ਤਾਂ ਬਿਜਲੀ ਅਧਿਕਾਰੀਆਂ ਦੇ ਘਿਰਾਓ ਕੀਤੇ ਜਾਣਗੇ।
ਇਸ ਮੌਕੇ ਸੀਨੀਅਰ ਆਗੂ ਅਜੀਤ ਸਿੰਘ ਫਤਿਹਗੜ੍ਹ ਪੰਜਤੂਰ, ਸਾਹਿਬ ਸਿੰਘ ਝੰਡਾ ਬੱਗਾ, ਬਲਜਿੰਦਰ ਸਿੰਘ ਖੰਬੇ, ਅਜੀਤ ਸਿੰਘ ਫਤਿਹਗੜ੍ਹ ਪੰਜਤੂਰ, ਸੁਖਜੀਤ ਸਿੰਘ ਅੱਲ੍ਹਾ ਬਾਦ, ਚਰਨਜੀਤ ਜੋਸ਼ਨ, ਧਰਮ ਸਿੰਘ ਮੁੰਡੀ ਜਮਾਲ, ਆਦਿ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਹਾਜ਼ਰ ਸਨ।