ਕੱਚੇ ਬੱਸ ਕਾਮਿਆਂ ਵੱਲੋਂ ਮੰਗਾਂ ਮੰਨਵਾਉਣ ਲਈ ਧਰਨਾ
ਸ਼ਗਨ ਕਟਾਰੀਆ
ਬਠਿੰਡਾ, 13 ਮਾਰਚ
ਪੰਜਾਬ ਰੋਡਵੇਜ਼/ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਆਪਣੀਆਂ ਮੰਗਾਂ ਦੇ ਸਬੰਧ ’ਚ ਅੱਜ ਇੱਥੇ ਪੀਆਰਟੀਸੀ ਡਿੱਪੂ ਦੇ ਗੇਟ ਅੱਗੇ ਧਰਨਾ ਦਿੱਤਾ। ਸੂਬਾ ਪ੍ਰਧਾਨ ਸੰਦੀਪ ਗਰੇਵਾਲ ਨੇ ਗਿਲਾ ਕੀਤਾ ਕਿ ਮੌਜੂਦਾ ਪੰਜਾਬ ਸਰਕਾਰ ਨੇ ਹੋਂਦ ’ਚ ਆਉਣ ਤੋਂ ਪਹਿਲਾਂ ਸਰਕਾਰੀ ਟਰਾਂਸਪੋਰਟ ਕਾਮਿਆਂ ਦੀਆਂ ਸਮੁੱਚੀਆਂ ਮੁਸ਼ਕਿਲਾਂ ਨੂੰ ਤਰਜੀਹੀ ਆਧਾਰ ’ਤੇ ਹੱਲ ਕਰਨ ਦਾ ਵਾਅਦਾ ਕੀਤਾ ਸੀ, ਜੋ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮੰਗਾਂ ਸਬੰਧੀ ਯੂਨੀਅਨ ਦੇ ਵਫ਼ਦ ਦੀ ਸਰਕਾਰ ਦੇ ਨਾਲ ਲੰਘੀ 15 ਜਨਵਰੀ ਤੇ 17 ਫਰਵਰੀ ਨੂੰ ਮੀਟਿੰਗਾਂ ਹੋਈਆਂ ਸਨ। ਮੀਟਿੰਗਾਂ ’ਚ ਐਡਵੋਕੇਟ ਜਨਰਲ ਪੰਜਾਬ ਦੀ ਹਾਜ਼ਰੀ ’ਚ ਕੱਚੇ ਕਾਮਿਆਂ ਨੂੰ ਪੱਕੇ ਕਰਨ ਲਈ ਦਸ ਦਿਨਾਂ ’ਚ ਨੀਤੀ ਘੜਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਅਜੇ ਤੱਕ ਮਾਮਲਾ ਜਿਉਂ ਦਾ ਤਿਉਂ ਲਟਕਿਆ ਹੋਇਆ ਹੈ। ਸੂਬਾ ਆਗੂ ਕੁਲਵੰਤ ਮਨੇਸ, ਬਠਿੰਡਾ ਡਿੱਪੂ ਦੇ ਪ੍ਰਧਾਨ ਰਵਿੰਦਰ ਬਰਾੜ, ਸਕੱਤਰ ਹਰਤਾਰ ਸ਼ਰਮਾ, ਕੁਲਵਿੰਦਰ ਸਿੰਘ ਤੇ ਗੁਰਪ੍ਰੀਤ ਕਮਾਲੂ ਨੇ ਕਿਹਾ ਕਿ ਮੁਫ਼ਤ ਸਫ਼ਰ ਸਹੂਲਤ ਕਾਰਨ ਪਨਬੱਸ ਅਤੇ ਪੀਆਰਟੀਸੀ ਦਾ ਕਰੀਬ 1100 ਕਰੋੜ ਰੁਪਏ ਦਾ ਬਕਾਇਆ ਸਰਕਾਰ ਵੱਲ ਖੜ੍ਹਾ ਹੈ। ਉਨ੍ਹਾਂ ਠੇਕੇਦਾਰੀ ਪ੍ਰਬੰਧ ’ਤੇ ਸਰਕਾਰ ਦਾ ਸ਼ੋਸ਼ਣ ਕਰਨ ਦਾ ਦੋਸ਼ ਲਾਇਆ।
ਆਗੂਆਂ ਨੇ ਕਿਹਾ ਕਿ ਕੱਚੇ ਕਾਮੇ ਟਰਾਂਸਪੋਰਟ ਅਧਿਕਾਰੀਆਂ ਤੋਂ ਦੁਖੀ ਹਨ ਅਤੇ ਰੋਸ ਵਜੋਂ 19 ਮਾਰਚ ਨੂੰ ਪੀਆਰਟੀਸੀ ਦੇ ਪਟਿਆਲਾ ਸਥਿਤ ਮੁੱਖ ਦਫਤਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ। ਇਸੇ ਤਰ੍ਹਾਂ 26 ਮਾਰਚ ਨੂੰ ਪੰਜਾਬ ਰੋਡਵੇਜ਼/ਪਨਬੱਸ ਦੇ ਮੁੱਖ ਦਫ਼ਤਰ ਚੰਡੀਗੜ੍ਹ ਸਥਿਤ 17 ਸੈਕਟਰ ’ਚ ਧਰਨਾ ਦਿੱਤਾ ਜਾਵੇਗਾ ਅਤੇ 3 ਅਪ੍ਰੈਲ ਨੂੰ ਪੰਜਾਬ ਦੇ ਸਮੂਹ ਬੱਸ ਸਟੈਂਡ ਬੰਦ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 7, 8 ਅਤੇ 9 ਅਪਰੈਲ ਨੂੰ ਹੜਤਾਲ ਕਰਕੇ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਦੇ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ।