ਖੇਤੀ ਵਿਭਿੰਨਤਾ ਲਈ ਨਵੀਆਂ ਯੋਜਨਾਵਾਂ ਲਿਆਏਗੀ ਸਰਕਾਰ: ਬੁੱਧ ਰਾਮ
ਜੋਗਿੰਦਰ ਸਿੰਘ ਮਾਨ
ਮਾਨਸਾ, 13 ਮਾਰਚ
‘ਆਪ’ ਦੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਖੇਤੀ ਹਾਦਸਾ ਪੀੜਤਾਂ ਨੂੰ ਵਿੱਤੀ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ। ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਖੇਤੀ ਹਾਦਸਾ ਗ੍ਰਸਤ ਨਾਲ ਸਬੰਧਤ ਪੀੜਤਾਂ ਨੂੰ 3.12 ਲੱਖ ਦੇ ਚੈੱਕ ਵੰਡੇ ਗਏ ਹਨ। ਉਨ੍ਹਾਂ ਦੱਸਿਆ ਕਿ ਪਰਮਜੀਤ ਕੌਰ ਵਿਧਵਾ ਰਸਪਾਲ ਸਿੰਘ ਨੂੰ 2 ਲੱਖ ਰੁਪਏ, ਰਣਦੀਪ ਸਿੰਘ ਅਹਿਮਦਪੁਰ 10 ਹਜ਼ਾਰ, ਓਮ ਪ੍ਰਕਾਸ਼ ਬੁਢਲਾਡਾ 10 ਹਜ਼ਾਰ, ਜਗਤਾਰ ਸਿੰਘ ਦਾਤੇਵਾਸ ਨੂੰ 10 ਹਜ਼ਾਰ, ਕਰਨੈਲ ਸਿੰਘ ਪਿੰਡ ਅਹਿਮਦਪੁਰ 10 ਹਜ਼ਾਰ, ਗਗਨਦੀਪ ਸ਼ਰਮਾ ਬੁਢਲਾਡਾ 24000, ਚਮਕੌਰ ਸਿੰਘ ਬਛੂਆਣਾ 24000, ਗੁਲਜ਼ਾਰ ਸਿੰਘ ਗੁਰਨੇ ਖੁਰਦ 12 ਹਜ਼ਾਰ, ਜਸਵੀਰ ਕੌਰ ਹਸਨਪੁਰ 12 ਹਜਾਰ ਦੀ ਰਾਸ਼ੀ ਦਿੱਤੀ ਗਈ ਹੈ। ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਵਿੱਚ ਖੇਤੀ ਵਿਭਿੰਨਤਾ ਨੂੰ ਹੋਰ ਉਤਸ਼ਾਹਿਤ ਕਰਨ ਲਈ ਖੇਤੀ ਸੰਦਾਂ ਉਪਰ ਸਬਸਿਡੀ ਵਧਾਉਣ ਦੇ ਨਾਲ-ਨਾਲ ਬੀਜਾਂ ਦੀਆਂ ਨਵੀਆਂ ਕਿਸਮਾਂ ਨੂੰ ਲਿਆਂਦਾ ਜਾ ਰਿਹਾ ਹੈ, ਜਦੋਂ ਕਿ ਖੇਤਾਂ ਦੀ ਭੂਗੋਲਿਕ ਸਥਿਤੀ, ਮਿੱਟੀ ਦੀ ਸਿਹਤ, ਫ਼ਸਲ ਅਤੇ ਪਾਣੀ ਨੂੰ ਮੁੱਖ ਰੱਖ ਕੇ ਕਿਸਾਨ ਹਿੱਤਾਂ ਲਈ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਵੱਲੋਂ ਖੇਤਾਂ ਤੱਕ ਜਾਣ ਵਾਲੀਆਂ ਅਨੇਕਾਂ ਹੋਰ ਲਿੰਕ ਸੜਕਾਂ ਨੂੰ ਵਿਛਾਇਆ ਜਾ ਰਿਹਾ ਹੈ ਅਤੇ ਸੈਂਕੜੇ ਲਿੰਕ ਸੜਕਾਂ ਦੀ ਰਹਿੰਦੀ ਮੁਰੰਮਤ ਨੂੰ ਮੁਕੰਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕਾ ਬੁਢਲਾਡਾ ਦੇ ਪਿੰਡਾਂ ਅੰਦਰ ਵਿਕਾਸ ਕਾਰਜ ਧੱੜਲੇ ਨਾਲ ਚੱਲ ਰਹੇ ਹਨ। ਇਸ ਮੌਕੇ ਮਾਰਕੀਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸਤੀਸ਼ ਸਿੰਗਲਾ, ਵੀਰ ਸਿੰਘ, ਸੁਰਿੰਦਰ ਸ਼ਰਮਾ, ਗੁਰਤੇਜ ਸਿੰਘ, ਚੰਦ ਸਿੰਘ, ਜੋਗਿੰਦਰ ਸਿੰਘ, ਗੁਰਨੈਬ ਸਿੰਘ, ਨੱਥਾ ਸਿੰਘ ਅਤੇ ਵੀਰਾ ਚਹਿਲ ਮੌਜੂਦ ਸਨ।