ਲਾਭ ਸਿੰਘ ਉੱਗੋਕੇ ਵੱਲੋਂ ਵਿਕਾਸ ਕਾਰਜਾਂ ਦਾ ਜਾਇਜ਼ਾ
ਖੇਤਰੀ ਪ੍ਰਤੀਨਿਧ
ਬਰਨਾਲਾ, 13 ਮਾਰਚ
ਵਿਧਾਇਕ ਹਲਕਾ ਭਦੌੜ ਲਾਭ ਸਿੰਘ ਉੱਗੋਕੇ ਵਲੋਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ’ਚ ਵੱਖ ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਲਕਾ ਭਦੌੜ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਟੀ ਬੈਨਿਥ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਤੋਟ ਨਹੀਂ ਆਉਣ ਦਿੱਤੀ ਜਾ ਰਹੀ, ਇਸ ਲਈ ਹਲਕਾ ਭਦੌੜ ਵਿੱਚ ਚੱਲ ਰਹੇ ਵਿਕਾਸ ਕਾਰਜ ਤੇਜ਼ੀ ਨਾਲ ਨੇਪਰੇ ਚਾੜੇ ਜਾਣ। ਉਨ੍ਹਾਂ ਹਲਕੇ ਦੇ ਪਿੰਡਾਂ ਅੰਦਰ ਉਸਾਰੀਆਂ ਜਾ ਰਹੀਆਂ ਆਂਗਣਵਾੜੀ ਕੇਂਦਰਾਂ ਦੀਆਂ ਇਮਾਰਤਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਜਿਹੜੇ ਸੈਲਫ਼ ਹੈਲਪ ਗਰੁੱਪ ਸਰਗਰਮ ਹਨ, ਉਨ੍ਹਾਂ ਨੂੰ ਮੰਡੀਕਰਨ ਲਈ ਪਲੇਟਫਾਰਮ/ਜਗ੍ਹਾ ਆਦਿ ਮੁਹਈਆ ਕਰਾਈ ਜਾਵੇ ਤਾਂ ਜੋ ਉਹ ਆਪਣੇ ਸਮਾਨ ਦੀ ਵਿਕਰੀ ਕਰ ਸਕਣ। ਉਨ੍ਹਾਂ ਕਿਹਾ ਕਿ ਜਿਹੜੇ ਪੰਚਾਇਤ ਘਰ ਜਾਂ ਧਰਮਸ਼ਾਲਾ ਆਦਿ ਦੀਆਂ ਇਮਾਰਤਾਂ ਦੀ ਹਾਲਤ ਮਾੜੀ ਹੈ ਉਨ੍ਹਾਂ ਦੀ ਸੂਚੀ ਤਿਆਰ ਕੀਤੀ ਜਾਵੇ ਤਾਂ ਜੋ ਗ੍ਰਾਂਟਾਂ ਪਾਸ ਕਰਵਾ ਕੇ ਓਹਨਾਂ ਦੀ ਕੰਮ ਕਰਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਹੜੇ ਵਿਕਾਸ ਕੰਮਾਂ/ਸਕੀਮਾਂ ਦੇ ਟੀਚੇ ਅਜੇ ਪੂਰੇ ਨਹੀਂ ਹੋਏ ਉਹ 31 ਮਾਰਚ ਤੱਕ ਪੂਰੇ ਕਰ ਲਏ ਜਾਣ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸਾਰੇ ਕੰਮ ਮਿਆਰੀ ਕਰਾਏ ਜਾਣ।