ਮ੍ਰਿਤਕ ਡਾਕਟਰ ਦੀ ਪਤਨੀ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਭੇਟ
ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜੂਨ
ਦਿੱਲੀ ਸਰਕਾਰ ਦੇ ਕਿਰਤ ਅਤੇ ਸਮਾਜ ਕਲਿਆਣ ਮੰਤਰੀ ਰਾਜ ਕੁਮਾਰ ਆਨੰਦ ਨੇ ਕੋਵਿਡ ਮਹਾਮਾਰੀ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਕਰੋਨਾ ਯੋਧੇ ਡਾ. ਸੰਜੈ ਕੁਮਾਰ ਗੁਪਤਾ ਦੇ ਪਰਿਵਾਰ ਨੂੰ ਕੇਜਰੀਵਾਲ ਸਰਕਾਰ ਵੱਲੋਂ ਇੱਕ ਕਰੋੜ ਰੁਪਏ ਦਾ ਚੈੱਕ ਸੌਂਪਿਆ ਹੈ। ਇਸ ਦੌਰਾਨ ਕਿਰਤ ਅਤੇ ਸਮਾਜ ਭਲਾਈ ਮੰਤਰੀ ਨੇ ਦੱਸਿਆ ਕਿ ਡਾ. ਸੰਜੈ ਕੁਮਾਰ ਗੁਪਤਾ ਆਲ ਇੰਡੀਆ ਇੰਸਟੀਚਿਊਟ ਆਫ਼ ਆਯੁਰਵੇਦ ਵਿੱਚ ਮੈਡੀਕਲ ਸੁਪਰਡੈਂਟ ਵਜੋਂ ਕੰਮ ਕਰ ਰਹੇ ਸਨ। ਉਹ ਸਥਾਪਤ ਕੋਵਿਡ ਹੈਲਥ ਸੈਂਟਰ ਦੀ ਅਗਵਾਈ ਕਰ ਰਹੇ ਸੀ, ਜਿਸ ਲਈ ਉਹ ਰੋਜ਼ਾਨਾ ਕੋਵਿਡ ਵਾਰਡ ਦਾ ਦੌਰਾ ਕਰਦਾ ਸੀ। ਇਸੇ ਕਾਰਨ ਆਪਣੀ ਡਿਊਟੀ ਨਿਭਾਉਂਦੇ ਹੋਏ ਡਾਕਟਰ ਸੰਜੈ ਕੁਮਾਰ ਗੁਪਤਾ ਦੀ ਕਰੋਨਾ ਦੀ ਲਪੇਟ ਵਿੱਚ ਆ ਕੇ ਮੌਤ ਹੋ ਗਈ। ਮੰਤਰੀ ਰਾਜ ਕੁਮਾਰ ਆਨੰਦ ਮਰਹੂਮ ਡਾਕਟਰ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਸਰਿਤਾ ਵਿਹਾਰ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ਼ ਆਯੁਰਵੇਦ ਪਹੁੰਚੇ। ਮੰਤਰੀ ਨੇ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਭਵਿੱਖ ਵਿੱਚ ਵੀ ਲੋੜ ਪੈਣ ‘ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਜ਼ਿਕਰਯੋਗ ਹੈ ਕਿ ਡਾ. ਸੰਜੈ ਕੁਮਾਰ ਗੁਪਤਾ ਨੂੰ ਕਰੋਨਾ ਤੋਂ ਪੀੜਤ ਹੋਣ ਕਾਰਨ ਬੀਤੇ ਸਾਲ 11 ਨਵੰਬਰ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ ਦੇ ਕੋਵਿਡ ਹੈਲਥ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਹਾਲਤ ਵਿਗੜਦੀ ਗਈ ਅਤੇ 14 ਨਵੰਬਰ ਨੂੰ ਉਨ੍ਹਾਂ ਨੂੰ ਏਮਜ਼ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰ ਸੰਜੈ ਕੁਮਾਰ ਗੁਪਤਾ ਦੀ ਲਗਭਗ ਇੱਕ ਮਹੀਨਾ ਇਲਾਜ ਮਗਰੋਂ 12 ਦਸੰਬਰ ਨੂੰ ਏਮਜ਼ ਹਸਪਤਾਲ ਵਿੱਚ ਮੌਤ ਹੋ ਗਈ ਸੀ।