ਸ਼ਾਇਰ ਮਹਿੰਦਰ ਗਿੱਲ ਦਾ ਕਾਵਿ ਸੰਗ੍ਰਹਿ ‘ਮਹਾਂ-ਖਾਮੋਸ਼ੀ’ ਰਿਲੀਜ਼
ਕੁਲਦੀਪ ਸਿੰਘ
ਚੰਡੀਗੜ੍ਹ, 18 ਮਾਰਚ
ਪੰਜਾਬੀ ਦੇ ਪ੍ਰਸਿੱਧ ਸ਼ਾਇਰ ਡਾ. ਮਹਿੰਦਰ ਗਿੱਲ ਦਾ ਕਾਵਿ ਸੰਗ੍ਰਹਿ ‘ਮਹਾਂ-ਖ਼ਾਮੋਸ਼ੀ’ ਅੱਜ ਇੱਥੇ ਪੰਜਾਬ ਯੂਨੀਵਰਸਿਟੀ ਦੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਵਿਖੇ ਕੀਤਾ ਗਿਆ ਅਤੇ ਇਸ ਉੱਪਰ ਵਿਚਾਰ ਗੋਸ਼ਟੀ ਵੀ ਕਰਵਾਈ ਗਈ। ਸਮਾਗਮ ਦੇ ਮੁੱਖ ਮਹਿਮਾਨ ਡਾ. ਦੀਪਕ ਮਨਮੋਹਨ ਨੇ ‘ਮਹਾਂ-ਖ਼ਾਮੋਸ਼ੀ’ ਦੀਆਂ ਕਵਿਤਾਵਾਂ ਬਾਰੇ ਵਿਚਾਰ ਕਰਦੇ ਹੋਏ ਪੰਜਾਬੀ ਸਾਹਿਤਕਾਰਾਂ ਅਤੇ ਆਲੋਚਕਾਂ ਨਾਲ ਹੋਏ ਆਪਣੇ ਅਨੁਭਵ ਸਾਂਝੇ ਕੀਤੇ।
ਵਿਭਾਗ ਦੇ ਮੁਖੀ ਪ੍ਰੋ. ਗੁਰਪਾਲ ਸਿੰਘ ਸੰਧੂ ਨੇ ਕਾਵਿ ਸੰਗ੍ਰਹਿ ਤੇ ਡਾ. ਮਹਿੰਦਰ ਗਿੱਲ ਦੇ ਸਮੁੱਚੇ ਕਾਵਿ-ਸਫ਼ਰ ਬਾਰੇ ਜਾਣਕਾਰੀ ਦਿੱਤੀ। ਪੀ.ਯੂ. ਦੇ ਹੀ ਪੰਜਾਬੀ ਅਧਿਐਨ ਵਿਭਾਗ ਤੋਂ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਸਮਕਾਲੀ ਪ੍ਰਗਤੀਵਾਦੀ ਕਵਿਤਾ ਪਰੰਪਰਕ ਮੁਹਾਵਰੇ ਤੋਂ ਬਾਹਰ ਆ ਕੇ ਆਪਣਾ ਦਾਇਰਾ ਵਸੀਹ ਕਰ ਚੁੱਕੀ ਹੈ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਯੂਕੇ ਤੋਂ ਪਹੁੰਚੇ ਦਰਸ਼ਨ ਬੁਲੰਦਵੀ ਨੇ ਡਾ. ਮਹਿੰਦਰ ਗਿੱਲ ਦੀ ਬਰਤਾਨਵੀ ਕਵਿਤਾ ਦੀ ਉਭਰਨ ਵਾਲ਼ੀ ਵਿਸ਼ੇਸ਼ ਪਹਿਚਾਨ ਦੇ ਨਾਲ-ਨਾਲ ਸਮੁੱਚੀ ਪੰਜਾਬੀ ਕਵਿਤਾ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਸਮਾਗਮ ਵਿੱਚ ਇਸ ਪੁਸਤਕ ਬਾਬਤ ਡਾ. ਹਰਮੇਲ ਸਿੰਘ, ਡਾ. ਰਵਿੰਦਰ ਧਾਲੀਵਾਲ, ਡਾ. ਰਾਜੇਸ਼ ਜਾਇਸਵਾਲ ਅਤੇ ਡਾ. ਪਰਮਜੀਤ ਸਿੰਘ ਨੇ ਪਰਚੇ ਵੀ ਪੜ੍ਹੇ। ਲੇਖਕ ਡਾ. ਮਹਿੰਦਰ ਗਿੱਲ ਨੇ ਸਰੋਤਿਆਂ ਨੂੰ ਨਜ਼ਮਾਂ ਸੁਣਾਈਆਂ।