ਹੋਣਹਾਰ ਵਿਦਿਆਰਥੀਆਂ ਨੂੰ 210 ਕਰੋੜ ਰੁਪਏ ਦੇ ਵਜ਼ੀਫੇ: ਬਾਵਾ
ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਦੇ ਚਾਂਸਲਰ ਦੇ ਸਲਾਹਕਾਰ ਪ੍ਰੋ. (ਡਾ.) ਆਰਐੱਸ ਬਾਵਾ ਨੇ ਰੂਪਨਗਰ ਪ੍ਰੈੱਸ ਕਲੱਬ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਸੀਯੂ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਮਿਆਰੀ ਉਚੇਰੀ ਸਿੱਖਿਆ ਪ੍ਰਦਾਨ ਕਰਦਿਆਂ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਬੁਲੰਦੀਆਂ ਹਾਸਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੀਯੂ ਦੀ ਸਾਲਾਨਾ ਕਿਊ ਐੱਸ ਵਰਲਡ ਯੂਨੀਵਰਿਸਟੀ ਵਿਸ਼ਾ ਰੈਕਿੰਗ ਲਗਾਤਾਰ ਵਧ ਰਹੀ ਹੈ ਜੋ ਕਿ ਦੁਨੀਆਂ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਨਾਲ ਮੁਕਾਬਲਾ ਕਰਦੀ ਹੋਈ 213ਵੇਂ ਰੈਂਕ ਤੱਕ ਪੁੱਜ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸੀਯੂ ਵੱਲੋਂ ਹਰ ਸਾਲ 210 ਕਰੋੜ ਰੁਪਏ ਬਜਟ ਵਜ਼ੀਫਿਆਂ ਲਈ ਰਾਖਵਾਂ ਰੱਖਿਆ ਜਾਂਦਾ ਹੈ ਤੇ2025 ਤੋਂ ਸ਼ੁਰੂ ਹੋਣ ਵਾਲੇ ਸੈਸ਼ਨ ਲਈ ਸਕਾਲਰਸ਼ਿਪ ਪੋਰਟਲ ਅੱਜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਨੌਜਵਾਨ ਵਿਦਿਅਰਥੀਆਂ ਨੂੰ ਅਪੀਲ ਕੀਤੀ ਕਿ ਉਹ ਵਧ-ਚੜ੍ਹ ਕੇ ਯੂਨੀਵਰਸਿਟੀ ਦੀ ਸ਼ਕਾਲਰਸ਼ਿਪ ਸਕੀਮ ਲਈ ਟੈਸਟ ਦੇਣ ਲਈ ਸੀਯੂ ਦੇ ਆਨਲਾਈਨ ਪੋਰਟਲ ਤੇ ਅਪਲਾਈ ਕਰਨ। ਉਨ੍ਹਾਂ ਦੱਸਿਆ ਕਿ ਸੀਯੂ ਦੇ ਵਿਦਿਆਰਥੀਆਂ ਨੂੰ ਲਗਭਗ 904 ਬਹੁਕੌਮੀ ਕੰਪਨੀਆਂ ਤੋਂ ਨਿਯੁਕਤੀ ਦੇ ਮੌਕੇ ਮਿਲ ਰਹੇ ਹਨ ਅਤੇ ਪਿਛਲੇ ਸਾਲ 9124 ਵਿਦਿਆਰਥੀਆਂ ਨੂੰ ਨੌਕਰੀ ਲਈ ਪੇਸ਼ਕਸ਼ਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ ਇੱਕ ਵਿਦਿਆਰਥੀ ਨੂੰ 1.74 ਕਰੋੜ ਰੁਪਏ ਦਾ ਸਾਲਾਨਾ ਪੈਕੇਜ ਮਿਲਿਆ ਹੈ।