ਵਪਾਰ ਮੰਡਲ ਦੇ ਵਫ਼ਦ ਵੱਲੋਂ ਪ੍ਰਸ਼ਾਸਕ ਕਟਾਰੀਆ ਨਾਲ ਮੁਲਾਕਾਤ
ਚੰਡੀਗੜ੍ਹ, 20 ਮਾਰਚ
ਚੰਡੀਗੜ੍ਹ ਵਪਾਰ ਮੰਡਲ ਦੇ ਵਫ਼ਦ ਨੇ ਆਪਣੇ ਨਵੇਂ ਪ੍ਰਧਾਨ ਸੰਜੀਵ ਚੱਢਾ ਅਤੇ ਚੇਅਰਮੈਨ ਚਰਨਜੀਵ ਸਿੰਘ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਸ਼ਹਿਰ ਦੇ ਵਪਾਰੀਆਂ ਦੀਆਂ ਮੰਗਾਂ ਬਾਰੇ ਇੱਕ ਮੰਗ ਪੱਤਰ ਵੀ ਸੌਂਪਿਆ। ਵਫ਼ਦ ਨੇ ਚੰਡੀਗੜ੍ਹ ਵਿੱਚ ਕਮਰਸ਼ੀਅਲ ਪ੍ਰਾਪਰਟੀਜ਼ ਦੇ ਬੇਤਹਾਸ਼ਾ ਕੁਲੈਕਟਰ ਰੇਟ ਵਧਾਉਣ ਦੀ ਤਜਵੀਜ਼ ਬਾਰੇ ਇਤਰਾਜ ਪ੍ਰਗਟਾਇਆ ਗਿਆ। ਵਫ਼ਦ ਵਿੱਚ ਮੁੱਖ ਸਰਪ੍ਰਸਤ ਸਤਪਾਲ ਗੁਪਤਾ, ਜਨਰਲ ਸਕੱਤਰ ਬਲਵਿੰਦਰ ਸਿੰਘ ਅਤੇ ਸਕੱਤਰ ਸੁਸ਼ੀਲ ਬਾਂਸਲ ਸ਼ਾਮਲ ਸਨ।
ਮੀਟਿੰਗ ਦੌਰਾਨ ਪ੍ਰਧਾਨ ਸੰਜੀਵ ਚੱਢਾ ਨੇ ਵੰਨ-ਟਾਈਮ ਸੈਟਲਮੈਂਟ (ਓਟੀਐੱਸ) ਸਕੀਮ ਨੂੰ ਲਾਗੂ ਕਰਨ ਵਿੱਚ ਦੇਰੀ ਅਤੇ ਹੋਰ ਪੈਂਡਿੰਗ ਪਏ ਵਪਾਰੀ ਮੁੱਦਿਆਂ ਬਾਰੇ ਚਿੰਤਾ ਪ੍ਰਗਟਾਈ। ਮੰਡਲ ਚੇਅਰਮੈਨ ਚਰਨਜੀਵ ਸਿੰਘ ਨੇ ਸੁਚਾਰੂ ਵਪਾਰਕ ਕਾਰਜਾਂ ਨੂੰ ਸੁਵਿਧਾਜਨਕ ਬਣਾਉਣ ਲਈ ਬਿਲਡਿੰਗ ਬਾਈਲਾਜ਼ ਵਿੱਚ ਤੁਰੰਤ ਬਦਲਾਅ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।
ਮੰਡਲ ਦੇ ਵਾਈਸ ਚੇਅਰਮੈਨ-ਕਮ-ਬੁਲਾਰੇ ਦੀਵਾਕਰ ਸਹੂਜਾ ਨੇ ਦੱਸਿਆ ਕਿ ਵਫ਼ਦ ਨੇ ਕਿਹਾ ਕਿ ਜੇਕਰ ਸ਼ਹਿਰ ਵਿੱਚ ਕੁਲੈਕਟਰ ਰੇਟ ਵਧਾਏ ਜਾਂਦੇ ਹਨ ਤਾਂ ਉਸ ਨਾਲ ਵਪਾਰੀਆਂ ’ਤੇ ਮਾੜਾ ਪ੍ਰਭਾਵ ਪਵੇਗਾ। ਉਨ੍ਹਾਂ ਟ੍ਰਾਈਸਿਟੀ ਵਿੱਚ ਵਪਾਰੀਆਂ ਦੇ ਅਨੁਕੂਲ ਕਾਨੂੰਨ ਨਾ ਹੋਣ ਕਰਕੇ ਕਾਰੋਬਾਰ ਗੁਆਂਢੀ ਸੂਬਿਆਂ ਵਿੱਚ ਜਾਣ ਦਾ ਮੁੱਦਾ ਵੀ ਪ੍ਰਸ਼ਾਸਕ ਅੱਗੇ ਰੱਖਿਆ ਉਨ੍ਹਾਂ ਨੂੰ ਵਪਾਰੀਆਂ ਦੀਆਂ ਅਜਿਹੀਆਂ ਚਿੰਤਾਵਾਂ ਨੂੰ ਦੂਰ ਕਰਨ ਅਤੇ ਚੰਡੀਗੜ੍ਹ ਵਿੱਚ ਵਪਾਰ ਅਨੁਕੂਲ ਮਾਹੌਲ ਬਣਾਉਣ ਦੀ ਅਪੀਲ ਕੀਤੀ।
ਸ੍ਰੀ ਚੱਢਾ ਨੇ ਕਿਹਾ ਕਿ ਸੀਬੀਐੱਮ ਚੰਡੀਗੜ੍ਹ ਵਿੱਚ ਵਪਾਰੀਆਂ ਦੇ ਮੁੱਦਿਆਂ ਨੂੰ ਹੱਲ ਕਰਨ ਅਤੇ ਵਪਾਰਕ ਭਾਈਚਾਰੇ ਦੀ ਭਲਾਈ ਨੂੰ ਉਤਸ਼ਾਹਿਤ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਵਪਾਰੀਆਂ ਦੀ ਸਿਖਰਲੀ ਸੰਸਥਾ ਹੋਣ ਦੇ ਨਾਤੇ ਮੰਡਲ ਦਾ ਉਦੇਸ਼ ਇੱਕ ਸਕਾਰਾਤਮਕ ਵਪਾਰਕ ਮਾਹੌਲ ਨੂੰ ਉਤਸ਼ਾਹਿਤ ਕਰਨਾ ਅਤੇ ਸ਼ਹਿਰ ਵਿੱਚ ਵਪਾਰ ਦੇ ਵਾਧੇ ਦਾ ਸਮਰਥਨ ਕਰਨਾ ਹੈ।