ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਹਿਸੀਲਦਾਰਾਂ ਦੀ ਹੜਤਾਲ ਕਾਰਨ ਖੱਜਲ ਹੋਏ ਲੋਕ

11:15 AM Jul 25, 2023 IST
ਮਾਹਿਲਪੁਰ ਦੇ ਕੋਰਟ ਕੰਪਲੈਕਸ ਵਿੱਚ ਹੜਤਾਲ ਕਾਰਨ ਪ੍ਰੇਸ਼ਾਨ ਹੁੰਦੇ ਹੋਏ ਲੋਕ।

ਜੰਗ ਬਹਾਦਰ ਸਿੰਘ
ਗੜ੍ਹਸ਼ੰਕਰ, 24 ਜੁਲਾਈ
ਸਥਾਨਕ ਤਹਿਸੀਲ ਅਤੇ ਸਬ-ਤਹਿਸੀਲ ਮਾਹਿਲਪੁਰ ਵਿੱਚ ਤਹਿਸੀਲਦਾਰਾਂ ਦੇ ਹੜਤਾਲ ’ਤੇ ਜਾਣ ਕਾਰਨ ਜਿੱਥੇ ਆਪਣੇ ਕੰਮਾਂ ਸਬੰਧੀ ਕਚਹਿਰੀ ਪੁੱਜੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਕਾਲਜਾਂ ਵਿੱਚ ਆਨ-ਲਾਈਨ ਦਾਖ਼ਲੇ ਦੀ ਅੱਜ ਆਖ਼ਰੀ ਮਿਤੀ ਹੋਣ ਕਾਰਨ ਵਿਦਿਆਰਥੀਆਂ ਨੂੰ ਆਪਣੇ ਸਰਟੀਫਿਕੇਟ ਨਾ ਮਿਲਣ ਕਾਰਨ ਦਾਖ਼ਲਿਆਂ ਤੋਂ ਵਾਂਝੇ ਰਹਿਣਾ ਪੈ ਗਿਆ, ਇਸ ਕਰ ਕੇ ਵਿਦਿਆਰਥੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਵੱਲੋਂ ਤਹਿਸੀਲਦਾਰ ਰੋਪੜ ਨਾਲ ਪਿਛਲੇ ਦਨਿੀਂ ਕਿਸੇ ਮਸਲੇ ਸਬੰਧੀ ਹੋਈ ਤਲਖ ਕਲਾਮੀ ਦੇ ਰੋਸ ਵਜੋਂ ਅੱਜ ਪੰਜਾਬ ਦੇ ਸਮੂਹ ਤਹਿਸੀਲਦਾਰਾਂ ਵੱਲੋਂ ਇੱਕ ਰੋਜ਼ਾ ਹੜਤਾਲ ਕਰਨ ਦਾ ਫ਼ੈਸਲਾ ਲਿਆ ਗਿਆ ਜਿਸ ਕਰ ਕੇ ਇਸ ਅਚਨਚੇਤੀ ਹੜਤਾਲ ਦੇ ਫ਼ੈਸਲੇ ਨਾਲ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦਾ ਸਭ ਤੋਂ ਵੱਧ ਨੁਕਸਾਨ ਕਾਲਜਾਂ ਵਿੱਚ ਦਾਖ਼ਲ ਹੋਣ ਦੇ ਚਾਹਵਾਨ ਵਿਦਿਆਰਥੀ ਨੂੰ ਹੋਇਆ। ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਆਨਲਾਈਨ ਪੋਰਟਲ ’ਤੇ ਦਾਖ਼ਲੇ ਦੀ ਆਖ਼ਰੀ ਮਿਤੀ ਸੀ ਜਿਸ ਕਰਕੇ ਵਿਦਿਆਰਥੀ ਆਪਣੇ ਰਿਹਾਇਸ਼ੀ, ਜਾਤੀ ਅਤੇ ਪਰਿਵਾਰ ਦੀ ਆਮਦਨ ਦੇ ਸਰਟੀਫਿਕੇਟ ਬਣਾਉਣ ਲਈ ਤਹਿਸੀਲ ਕੰਪਲੈਕਸ ਵੱਲ ਵਹੀਰਾਂ ਘੱਤ ਰਹੇ ਸਨ। ਅੱਜ ਹੜਤਾਲ ਦੀ ਖ਼ਬਰ ਨਾਲ ਉਹ ਆਪਣੇ ਸਰਟੀਫਿਕੇਟ ਪ੍ਰਾਪਤ ਨਹੀਂ ਕਰ ਸਕੇ ਜਿਸ ਨਾਲ ਦਾਖ਼ਲਿਆਂ ਦੀ ਪ੍ਰਕਿਰਿਆ ਪ੍ਰਭਾਵਿਤ ਹੋ ਗਈ। ਵਿਦਿਆਰਥੀਆਂ ਨੇ ਦਾਖ਼ਲਾ ਪੋਰਟਲ ਨੂੰ ਦੁਬਾਰਾ ਖੁਲ੍ਹਵਾਉਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਜ਼ਮੀਨਾਂ ਦੀ ਖ਼ਰੀਦ-ਵੇਚ ਸਣੇ ਹੋਰ ਕੰਮਾਂ ਲਈ ਆਏ ਲੋਕ ਖੱਜਲ ਹੁੰਦੇ ਰਹੇ।

Advertisement

ਜ਼ਿਲ੍ਹਾ ਮਾਲ ਅਧਿਕਾਰੀਆਂ ਵੱਲੋਂ ਕਲਮਛੋੜ ਹੜਤਾਲ ਸ਼ੁਰੂ
ਹੁਸ਼ਿਆਰਪੁਰ: ਪੰਜਾਬ ਮਾਲ ਅਫ਼ਸਰ ਐਸੋਸੀਏਸ਼ਨ ਦੇ ਸੱਦੇ ’ਤੇ ਰੂਪ ਨਗਰ ਹਲਕੇ ਦੇ ਵਿਧਾਇਕ ਵੱਲੋਂ ਬੀਤੇ ਦਨਿੀਂ ਦਫ਼ਤਰੀ ਕੰਮਕਾਜ ਵਿੱਚ ਕੀਤੀ ਕਥਿਤ ਦਖ਼ਲਅੰਦਾਜ਼ੀ ਅਤੇ ਮਾਲ ਸਟਾਫ਼ ਨੂੰ ਜ਼ਲੀਲ ਕੀਤੇ ਜਾਣ ਦੇ ਵਿਰੋਧ ਵਿਚ ਅੱਜ ਹੁਸ਼ਿਆਰਪੁਰ ਵਿੱਚ ਵੀ ਮਾਲ ਅਧਿਕਾਰੀਆਂ ਅਤੇ ਹੋਰ ਅਮਲੇ ਨੇ ਅਣਮਿੱਥੇ ਸਮੇਂ ਲਈ ਕਲਮਛੋੜ ਹੜਤਾਲ ਸ਼ੁਰੂ ਕਰ ਦਿੱਤੀ। ਰੈਵੇਨਿਊ ਨਾਲ ਸਬੰਧਤ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਗਿਆ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ। ਇਸ ਸਬੰਧੀ ਪੰਜਾਬ ਮਾਲ ਅਫ਼ਸਰ ਐਸੋਸੀਏਸ਼ਨ ਦੇ ਉਪ ਪ੍ਰਧਾਨ ਹਰਕਰਮ ਸਿੰਘ ਰੰਧਾਵਾ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਸਾਰੇ ਤਹਿਸੀਲਦਾਰ, ਨਾਇਬ ਤਹਿਸੀਲਦਾਰ ਤੇ ਮਾਲ ਅਧਿਕਾਰੀ ਹੜਤਾਲ ’ਤੇ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਏ ਕਿ ਹਲਕਾ ਵਿਧਾਇਕਾਂ ਵੱਲੋਂ ਦਫ਼ਤਰੀ ਕੰਮਾਂ ਵਿੱਚ ਦਖ਼ਲਅੰਦਾਜ਼ੀ ਕਰ ਕੇ ਬੇਲੋੜਾ ਵਿਘਨ ਨਾ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਮਾਲ ਅਧਿਕਾਰੀਆਂ ਦੀਆਂ ਲਟਕਦੀਆਂ ਹੋਰ ਮੰਗਾਂ ਨੂੰ ਵੀ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ। -ਪੱਤਰ ਪ੍ਰੇਰਕ

Advertisement
Advertisement