ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੀਆਰਟੀਸੀ ਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਲੋਕ ਪ੍ਰੇਸ਼ਾਨ

07:59 AM Sep 21, 2023 IST
ਲੁਧਿਆਣਾ ਦੇ ਬੱਸ ਸਟੈਂਡ ਨੇੜੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਪੀਆਰਟੀਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮ। ਫੋਟੋ: ਧੀਮਾਨ

ਸਤਵਿੰਦਰ ਬਸਰਾ
ਲੁਧਿਆਣਾ, 20 ਸਤੰਬਰ
ਪੀਆਰਟੀਸੀ ਅਤੇ ਪਨਬਸ ਵਿੱਚ ਲੱਗੇ ਕੱਚੇ ਮੁਲਾਜ਼ਮਾਂ ਵੱਲੋਂ ਅੱਜ ਲੁਧਿਆਣਾ ਦੇ ਬੱਸ ਸਟੈਂਡ ਨੇੜੇ ਹੜਤਾਲ ਕਰਨ ਨਾਲ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਮੁਲਾਜ਼ਮਾਂ ਵੱਲੋਂ ਤਨਖਾਹਾਂ ਵਧਾਉਣ, ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਅਤੇ ਨਵੀਆਂ ਬੱਸਾਂ ਚਲਾਉਣ ਦੀ ਮੰਗ ਕੀਤੀ ਜਾ ਰਹੀ ਸੀ।
ਇਨ੍ਹਾਂ ਕੱਚੇ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਪਿਛਲੀ ਸਰਕਾਰ ਦੌਰਾਨ ਉਨ੍ਹਾਂ ਦੀਆਂ ਕਈ ਮੰਗਾਂ ਮੰਨੀਆਂ ਜਾ ਚੁੱਕੀਆਂ ਸਨ ਪਰ ਉਹ ਮੰਨੀਆਂ ਮੰਗਾਂ ਵੀ ਅਜੇ ਤੱਕ ਲਾਗੂ ਨਹੀਂ ਕੀਤੀਆਂ ਗਈਆਂ। ਮਹਿੰਗਾਈ ਦੇ ਬਾਵਜੂਦ ਉਹ ਪਿਛਲੇ ਲੰਬੇ ਸਮੇਂ ਤੋਂ ਨਿਗੁਣੀਆਂ ਤਨਖਾਹਾਂ ’ਤੇ ਕੰਮ ਕਰਦੇ ਆ ਰਹੇ ਹਨ ਜਿਸ ਕਰਕੇ ਹੁਣ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਗਿਆ ਹੈ। ਇਨ੍ਹਾਂ ਮੁਲਾਜ਼ਮਾਂ ਵੱਲੋਂ ਤਨਖਾਹ ਵਿੱਚ ਸਾਲਾਨਾ 5 ਫੀਸਦੀ ਵਾਧਾ ਕਰਨ, ਕੱਚੇ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਪੱਕੇ ਕਰਨ, ਦਿਨੋ ਦਿਨ ਵਧ ਰਹੀ ਅਬਾਦੀ ਦੇ ਹਿਸਾਬ ਨਾਲ ਨਵੀਆਂ ਬੱਸਾਂ ਚਲਾਉਣ ਦੀ ਮੰਗ ਕੀਤੀ ਜਾ ਰਹੀ ਸੀ।
ਧਰਨੇ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਹਰਜਿੰਦਰ ਸਿੰਘ, ਸਤਨਾਮ, ਯਸ਼ਪਾਲ ਸ਼ਰਮਾ ਆਦਿ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਸਬੰਧੀ ਕਈ ਵਾਰ ਸਬੰਧਤ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰ ਚੁੱਕੇ ਹਨ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਇਸ ਲਈ ਮਜ਼ਬੂਰ ਹੋ ਕੇ ਉਨ੍ਹਾਂ ਨੂੰ ਹੜਤਾਲ ਵਰਗਾ ਫੈਸਲਾ ਕਰਨਾ ਪਿਆ ਹੈ। ਜੇਕਰ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਹੜਤਾਲ ਕਾਰਨ ਸਵਾਰੀਆਂ ਨੂੰ ਹੋਈ ਪ੍ਰੇਸ਼ਾਨੀ ਲਈ ਮੁਆਫੀ ਮੰਗੀ।
ਦੂਜੇ ਪਾਸੇ ਬੱਸਾਂ ਬੰਦ ਹੋਣ ਕਾਰਨ ਸਵਾਰੀਆਂ ਅਤੇ ਖਾਸ ਕਰਕੇ ਗਰੀਬ ਤਬਕੇ ਨਾਲ ਸਬੰਧਤ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇੱਥੋਂ ਜਲੰਧਰ ਜਾਣ ਲਈ ਬੱਸ ਦੀ ਉਡੀਕ ਕਰਦੀ ਹਰਬੰਸ ਕੌਰ ਨਾਂ ਦੀ ਔਰਤ ਨੇ ਦੱਸਿਆ ਕਿ ਔਰਤਾਂ ਲਈ ਸਰਕਾਰੀ ਬੱਸ ’ਚ ਸਫਰ ਮੁਫਤ ਹੈ ਜਿਸ ਕਰਕੇ ਉਹ ਆਪਣਾ ਆਧਾਰ ਕਾਰਡ ਲੈ ਕੇ ਆਈ ਸੀ ਪਰ ਇੱਥੇ ਆ ਕੇ ਪਤਾ ਲੱਗਾ ਕਿ ਹੜਤਾਲ ਕਾਰਨ ਸਰਕਾਰੀ ਬੱਸਾਂ ਬੰਦ ਹਨ। ਹੁਣ ਪ੍ਰਾਈਵੇਟ ਬੱਸ ’ਚ ਜਾਣ ਜੋਗਾ ਕਿਰਾਇਆ ਵੀ ਨਹੀਂ ਹੈ। ਰਜਨੀ ਨਾਂ ਦੀ ਔਰਤ ਨੇ ਕਿਹਾ ਕਿ ਸਰਕਾਰ ਨੂੰ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਸਵਾਰੀਆਂ ਨੂੰ ਹੜਤਾਲਾਂ ਕਾਰਨ ਹੁੰਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲ ਸਕੇ। ਇੱਥੇ ਦੱਸਣਯੋਗ ਹੈ ਕਿ ਵਿਭਾਗ ਦੇ ਕੁੱਝ ਪੱਕੇ ਮੁਲਾਜ਼ਮਾਂ ਵੱਲੋਂ ਹੜਤਾਲ ਦੇ ਬਾਵਜੂਦ ਸਵਾਰੀਆਂ ਦੀ ਸਹੂਲਤ ਲਈ ਇੱਕਾ-ਦੁੱਕਾ ਸਰਕਾਰੀ ਬੱਸਾਂ ਚਲਾਈਆਂ ਵੀ ਜਾ ਰਹੀਆਂ ਸਨ।

Advertisement

ਮੰਨੀਆਂ ਮੰਗਾਂ ਲਾਗੂ ਕਰਨ ਦੇ ਆਦੇਸ਼ਾਂ ਮਗਰੋਂ ਹੜਤਾਲ ਮੁਲਤਵੀ

ਮੁਲਾਜ਼ਮ ਆਗੂ ਰੇਸ਼ਮ ਸਿੰਘ ਗਿੱਲ ਨੇ ਜਾਰੀ ਕੀਤੇ ਬਿਆਨ ’ਚ ਦੱਸਿਆ ਕਿ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਹੋਈ ਪੈਨਲ ਮੀਟਿੰਗ ਵਿੱਚ ਤਨਖਾਹ ਵਿੱਚ 5 ਫੀਸਦੀ ਵਾਧਾ ਅਗਲੇ ਮਹੀਨੇ ਤੋਂ ਅਤੇ ਫਾਰਗ ਬਲੈਕਲਿਸਟ ਕਰਮਚਾਰੀਆਂ ਨੂੰ 10 ਦਿਨ ਵਿੱਚ ਬਹਾਲ ਕਰਨ ’ਤੇ ਸਹਿਮਤੀ ਜਤਾਉਂਦੇ ਹੋਏ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਮੁਲਾਜ਼ਮਾਂ ਦੀਆਂ ਹੋਰ ਮੰਗਾਂ ਮੁੱਖ ਮੰਤਰੀ ਨਾਲ 29 ਸਤੰਬਰ ਦੀ ਮੀਟਿੰਗ ਵਿੱਚ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਮੰਨੀਆਂ ਮੰਗਾਂ ਲਾਗੂ ਕਰਨ ਦੇ ਆਦੇਸ਼ਾਂ ਤੋਂ ਬਾਅਦ ਮੁਲਾਜ਼ਮਾਂ ਵੱਲੋਂ ਹੜਤਾਲ ਮੁਲਤਵੀ ਕਰ ਦਿੱਤੀ ਗਈ।

Advertisement
Advertisement