84 ਦੇ ਦੰਗਾ ਪੀੜਤ ਪਰਿਵਾਰਾਂ ਵੱਲੋਂ ਅਰਦਾਸ ਦਿਵਸ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਜੂਨ
1984 ਦੇ ਦੰਗਾ ਪੀੜਤ ਪਰਿਵਾਰਾਂ ਨੇ ਅੱਜ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮਾਡਲ ਟਾਊਨ ਐਕਸਟੈਨਸ਼ਨ ਵਿੱਚ ਅਰਦਾਸ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ। ਜਥੇਬੰਦੀ ਦੇ ਪ੍ਰਧਾਨ ਸੁਰਜੀਤ ਸਿੰਘ ਦੁੱਗਰੀ ਅਤੇ ਇਸਤਰੀ ਵਿੰਗ ਪ੍ਰਧਾਨ ਗੁਰਦੀਪ ਕੌਰ ਦੀ ਅਗਵਾਈ ਹੇਠ ਸੈਂਕੜੇ ਪੀੜਤ ਪਰਿਵਾਰਾਂ ਨੇ ਆਪਣੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਸ ਵਿੱਚ ਹਲਕਾ ਪੱਛਮੀ ਦੇ ਵੋਟਰਾਂ ਨੂੰ ਉਮੀਦਵਾਰ ਸੰਜੀਵ ਅਰੋੜਾ ਨੂੰ ਵੋਟਾਂ ਨਾ ਪਾਉਣ ਦੀ ਅਪੀਲ ਕੀਤੀ ਗਈ ਸੀ।
ਇਸ ਮੌਕੇ ਆਗੂਆਂ ਨੇ ਦੋਸ਼ ਲਗਾਇਆ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਆਪਣੀਆਂ ਮੰਗਾਂ ਸਬੰਧੀ ਮਿਲਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਹਰ ਵਾਰ ਮੁੱਖ ਮੰਤਰੀ ਮਾਨ ਵੱਲੋਂ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਬਲਕਿ ਉਲਟਾ ਪੁਲੀਸ ਤੋਂ ਡਾਂਗਾਂ ਮਰਵਾਈਆਂ ਜਾ ਰਹੀਆਂ ਹਨ। ਪੀੜਤ ਪਰਿਵਾਰਾਂ ਨੂੰ ਚੰਡੀਗੜ੍ਹ ਥਾਣੇ ਵੀ ਬੰਦ ਕਰਵਾ ਦਿੱਤਾ ਗਿਆ ਸੀ ਜਦਕਿ ਪਿਛਲੇ ਦਿਨੀ ਹੈਬੋਵਾਲ ਵਿੱਖੇ ਵੀ ਪੁਲੀਸ ਤੋਂ ਧੱਕੇ ਮਰਵਾਕੇ ਕੁੱਟਿਆ ਗਿਆ।
ਉਨ੍ਹਾਂ ਦੱਸਿਆ ਕਿ ਪੱਛਮੀ ਹਲਕੇ ਵਿੱਚ 1984 ਕਤਲੇਆਮ ਦੇ ਹਜ਼ਾਰਾਂ ਪੀੜਤ ਪਰਿਵਾਰ ਰਹਿੰਦੇ ਹਨ। ਜਿਨ੍ਹਾਂ ਨੂੰ ਘਰ ਘਰ ਜਾ ਕੇ ਸੰਜੀਵ ਅਰੋੜਾ ਨੂੰ ਵੋਟ ਨਾ ਪਾਉਣ ਦੀ ਅਪੀਲ ਕਰਨਗੇ। ਉਨ੍ਹਾਂ ਦੱਸਿਆ ਕਿ 14 ਜੂਨ ਦਿਨ ਸ਼ਨੀਵਾਰ ਨੂੰ ਸੈਂਕੜੇ ਪੀੜਤ ਪਰਿਵਾਰ ਬੀਬੀ ਗੁਰਦੀਪ ਕੌਰ ਦੀ ਅਗਵਾਈ ਵਿੱਚ ਉਮੀਦਵਾਰ ਸੰਜੀਵ ਅਰੋੜਾ ਦੇ ਦਫ਼ਤਰ ਬਾਹਰ ਧਰਨਾ ਦੇਣਗੇ। ਇਸ ਮੌਕੇ ਗੁਰਦੇਵ ਸਿੰਘ ਚੇਅਰਮੈਨ, ਸੁਖਦੇਵ ਸਿੰਘ ਜਮਾਲਪੁਰ, ਗੁਰਦੀਪ ਸਿੰਘ ਕਾਹਲੋਂ, ਇੰਦਰਪਾਲ ਸਿੰਘ, ਸਤਨਾਮ ਸਿੰਘ, ਮਨਮੋਹਨ ਸਿੰਘ ਹੈਬੋਵਾਲ, ਦਲਜੀਤ ਸਿੰਘ ਸੋਨੀ, ਜਸਪਾਲ ਸਿੰਘ, ਹਰਪਾਲ ਸਿੰਘ, ਗੁਰਮੀਤ ਕੌਰ, ਮਨਜੀਤ ਕੌਰ, ਹਰਦੀਪ ਕੌਰ, ਮਨਦੀਪ ਕੌਰ, ਗੁਰਦੇਵ ਕੌਰ, ਆਗਿਆ ਕੌਰ, ਸੁਰਿੰਦਰ ਕੌਰ ਅਤੇ ਸਤਨਿੰਦਰ ਵੀ ਹਾਜ਼ਰ ਸਨ।