ਧੋਖਾਧੜੀ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਖੰਨਾ, 11 ਜੂਨ
ਇਥੋਂ ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਧੋਖਾਧੜੀ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਦੌਰਾਨ ਜੀਟੀ ਰੋਡ ’ਤੇ ਸੀ ਤਾਂ ਸੂਚਨਾ ਮਿਲੀ ਕਿ ਸੁਰਜੀਤ ਸਿੰਘ ਵਾਸੀ ਪਿੰਡ ਦੁਰਗਾਪੁਰ (ਪਟਿਆਲਾ) ਹਾਲ ਵਾਸੀ ਅਜ਼ਾਦ ਨਗਰ ਖੰਨਾ, ਮਹਿਮਾ ਸਿੰਘ ਵਾਸੀ ਰਾਜਪੁਰਾ, ਹਰਵਿੰਦਰ ਸਿੰਘ ਵਾਸੀ ਮੋਗਾ, ਸਮਸ਼ੇਰ ਖਾਨ, ਰਾਜਵੀਰ ਸਿੰਘ ਉਰਫ਼ ਰਾਜਾ ਉਰਫ਼ ਗੁਰਮੀਤ ਸਿੰਘ ਅਤੇ ਹਰਮੀਤ ਸਿੰਘ ਵਾਸੀ ਭਾਦਸੋਂ ਜਾਅਲੀ ਕਾਗਜ਼ਾਤ ਤਿਆਰ ਕਰ ਕੇ ਵੱਖ ਵੱਖ ਤਹਿਸੀਲਾਂ ਵਿਚ ਰਜਿਸਟਰੀਆਂ ਕਰਵਾਉਂਦੇ ਹਨ ਤੇ ਸੁਰਜੀਤ ਸਿੰਘ ਨੇ ਆਪਣੇ ਕੋਲ ਇਕ ਨਾਇਬ ਤਹਿਸੀਲਦਾਰ ਭਾਦਸੋਂ ਦੀ ਜਾਅਲੀ ਮੋਹਰ ਵੀ ਤਿਆਰ ਕੀਤੀ ਹੋਈ ਹੈ। ਅੱਜ ਵੀ ਸੁਰਜੀਤ ਸਿੰਘ ਖੰਨਾ ਤਹਿਸੀਲ ਵਿੱਚ ਜਾਅਲੀ ਰਜਿਸਟਰੀ ਕਰਵਾਉਣ ਲਈ ਆਇਆ ਹੋਇਆ ਹੈ ਜਿਸ ਨੂੰ ਕਾਬੂ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਸੁਰਜੀਤ ਸਿੰਘ ਅਤੇ ਮਹਿਮਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਮੁਲਜ਼ਮਾਂ ਕੋਲੋਂ 9 ਜਾਅਲੀ ਆਧਾਰ ਕਾਰਡ, ਨਾਇਬ ਤਹਿਸੀਲਦਾਰ ਭਾਦਸੋਂ ਦੀ ਮੋਹਰ, ਜਾਅਲੀ ਇਵੈੱਲਿਊਏਸ਼ਨ ਸਰਟੀਫਿਕੇਟ ਅਤੇ ਨਾਇਬ ਤਹਿਸੀਲਦਾਰ ਦੀ ਮੋਹਰ ਲੱਗੀ ਫਰਦ ਬਰਾਮਦ ਹੋਈ। ਇਸ ਤੋਂ ਇਲਾਵਾ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ।