ਖਸਤਾਹਾਲ ਜੰਡਾਲੀ ਰੋਡ ਦੀ ਸਾਰ ਲੈਣ ਦੀ ਮੰਗ
ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 11 ਜੂਨ
ਮੰਡੀ ਅਹਿਮਦਗੜ੍ਹ ਸ਼ਹਿਰ ਨੂੰ ਲੁਧਿਆਣਾ-ਮਾਲੇਰਕੋਟਲਾ ਹਾਈਵੇਅ ਨਾਲ ਜੋੜਦੀ ਜੰਡਾਲੀ ਰੋਡ ਦੀ ਖਸਤਾ ਹਾਲਤ ਕਾਰਨ ਜੰਡਾਲੀ ਰੇਲਵੇ ਅੰਡਰਬ੍ਰਿੱਜ ਅਤੇ ਜੰਡਾਲੀ ਪੁਲ ਇੱਥੋਂ ਦੇ ਲੋਕਾਂ ਤੇ ਦੱਖਣ ਵੱਲ ਦੇ ਪਿੰਡਾਂ ਦੇ ਵਸਨੀਕਾਂ ਲਈ ਨਕਾਰਾ ਸਾਬਤ ਹੋ ਰਹੇ ਹਨ। ਮਾਲੇਰਕੋਟਲਾ ਵਾਲੇ ਪਾਸੇ ਤੋਂ ਆਉਣ ਵਾਲੇ ਲੋਕ ਮਾਲੇਰਕੋਟਲਾ-ਲੁਧਿਆਣਾ ਹਾਈਵੇਅ ’ਤੇ ਟੀ ਪੁਆਇੰਟ ਤੋਂ ਇਸ ਖੇਤਰ ਵਿੱਚ ਦਾਖਲ ਹੁੰਦੇ ਸਨ, ਹੁਣ ਉਨ੍ਹਾਂ ਨੂੰ ਪੋਹੀੜ ਵਾਲੇ ਪਾਸੇ ਤੋਂ ਸ਼ਹਿਰ ਵਿੱਚ ਦਾਖਲ ਹੋਣ ਲਈ ਵਾਧੂ ਸਫ਼ਰ ਤੈਅ ਕਰਨਾ ਪੈਂਦਾ ਹੈ ਕਿਉਂਕਿ ਜੰਡਾਲੀ ਸੜਕ ਦਾ ਲਗਭਗ ਤਿੰਨ ਕਿਲੋਮੀਟਰ ਦਾ ਹਿੱਸਾ ਬਿਲਕੁਲ ਬੇਕਾਰ ਹੋ ਗਿਆ ਹੈ।
ਇਲਾਕਾ ਨਿਵਾਸੀਆਂ ਨੇ ਦੋਸ਼ ਲਗਾਇਆ ਕਿ ਲੁਧਿਆਣਾ ਮਾਲੇਰਕੋਟਲਾ ਹਾਈਵੇਅ ਨੂੰ ਜੰਡਾਲੀ ਪੁਲ ਨਾਲ ਜੋੜਨ ਵਾਲੀ ਜੰਡਾਲੀ ਸੜਕ ਬੀਤੇ ਕਈ ਸਾਲਾਂ ਤੋਂ ਬਦਤਰ ਹਾਲਤ ਵਿੱਚ ਰਹੀ ਹੈ। ਅਹਿਮਦਗੜ੍ਹ ਦੇ ਪੁਰਾਣੀ ਮੰਡੀ ਇਲਾਕੇ ਦੇ ਵਸਨੀਕ, ਸ਼੍ਰੇਆਂਸ ਪੇਪਰ ਮਿੱਲ ਦੇ ਕਰਮਚਾਰੀ ਅਤੇ ਜੰਡਾਲੀ ਕਲਾਂ, ਜੰਡਾਲੀ ਖੁਰਦ, ਰੋਹੀੜਾ, ਕੁੱਪ, ਜਿੱਤਵਾਲ, ਬੌੜਾਈ ਕਲਾਂ, ਬੌੜਾਈ ਖੁਰਦ, ਝੁਨੇਰ ਅਤੇ ਬੇਗੋਵਾਲ ਆਦਿ ਪਿੰਡਾਂ ਦੇ ਵਸਨੀਕ ਸੜਕ ਦੀ ਮਾੜੀ ਹਾਲਤ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਏ।
ਲੋਕਾਂ ਦੀ ਮੰਗ ਨੂੰ ਜਾਇਜ਼ ਠਹਿਰਾਉਂਦਿਆਂ, ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਦਾਅਵਾ ਕੀਤਾ ਕਿ ਕਿਹਾ ਕਿ ਪੀ.ਡਬਲਯੂ.ਡੀ. ਵਿਭਾਗ ਦੇ ਅਧਿਕਾਰੀਆਂ ਨੂੰ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਬਿਨਾਂ ਕਿਸੇ ਦੇਰੀ ਦੇ ਸੜਕ ਦਾ ਮੁੜ ਨਿਰਮਾਣ ਸ਼ੁਰੂ ਕਰਨ ਲਈ ਕਿਹਾ ਗਿਆ ਹੈ।
ਸੜਕ ਦੀ ਮੁੜ ਉਸਾਰੀ ਲਈ ਪ੍ਰਕਿਰਿਆ ਆਰੰਭੀ: ਕਾਰਜਕਾਰੀ ਇੰਜਨੀਅਰ
ਲੋਕ ਨਿਰਮਾਣ ਵਿਭਾਗ ਮਾਲੇਰਕੋਟਲਾ ਦੇ ਕਾਰਜਕਾਰੀ ਇੰਜਨੀਅਰ ਪ੍ਰਨੀਤ ਕੌਰ ਨੇ ਦੱਸਿਆ ਕਿ ਉਕਤ ਸੜਕ ਦੀ ਮੁੜ ਉਸਾਰੀ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਕਿਉਂਕਿ ਇਹ ਸੜਕ ਮਾਰਕਿਟ ਕਮੇਟੀ ਅਹਿਮਦਗੜ੍ਹ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ, ਇਸ ਲਈ ਵਿਭਾਗੀ ਪ੍ਰਕਿਰਿਆ ਮੰਡੀਕਰਨ ਬੋਰਡ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਕੀਤੀ ਜਾਣੀ ਹੈ।
Advertisement