ਨੌਂ ਮਹੀਨਿਆਂ ਤੋਂ ਪੁਲਾੜ ਸਟੇਸ਼ਨ ’ਚ ਫਸੇ ਵਿਲਮੋਰ ਤੇ ਸੁਨੀਤਾ ਵਿਲੀਅਮਸ ਦੀ ਵਾਪਸੀ ਦਾ ਰਾਹ ਪੱਧਰਾ
ਕੇਪ ਕੈਨਵੇਰਲ (ਅਮਰੀਕਾ), 16 ਮਾਰਚ
NASA's stuck astronauts welcome newly arrived replacements to space station ਪਿਛਲੇ ਨੌਂ ਮਹੀਨਿਆਂ ਤੋਂ ਕੌਮਾਂਤਰੀ ਪੁਲਾੜ ਸਟੇਸ਼ਨ ਵਿਚ ਫਸੇ ਅਮਰੀਕੀ ਪੁਲਾੜ ਏਜੰਸੀ ਨਾਸਾ (NASA) ਦੇ ਪੁਲਾੜ ਯਾਤਰੀਆਂ ਬੁਚ ਵਿਲਮੋਰ ਤੇ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਦੀ ਥਾਂ ਹੋਰਨਾਂ ਪੁਲਾੜ ਯਾਤਰੀਆਂ ਦੀ ਤਾਇਨਾਤੀ ਲਈ ਇਕ ਦਿਨ ਪਹਿਲਾਂ ਰਵਾਨਾ ਹੋਇਆ ‘ਸਪੇਸਐਕਸ’ ਦਾ ਕੈਪਸੂਲ ਐਤਵਾਰ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਵਿਲੀਅਮਸ ਤੇ ਵਿਲਮੋਰ ਦੀ ਧਰਤੀ ’ਤੇ ਵਾਪਸੀ ਦਾ ਰਾਹ ਪੱਧਰਾ ਹੋ ਗਿਆ ਹੈ।
ਕੌਮਾਂਤਰੀ ਪੁਲਾੜ ਸਟੇਸ਼ਨ ਪੁੱਜੇ ਚਾਰ ਨਵੇਂ ਪੁਲਾੜ ਯਾਤਰੀ ਅਮਰੀਕਾ, ਜਾਪਾਨ ਤੇ ਰੂਸ ਦੀ ਨੁਮਾਇੰਦਗੀ ਕਰ ਰਹੇ ਹਨ। ਉਹ ਕੁਝ ਦਿਨ ਵਿਲੀਅਮਸ ਤੇ ਵਿਲਮੋਰ ਤੋਂ ਸਟੇਸ਼ਨ ਬਾਰੇ ਜਾਣਕਾਰੀ ਹਾਸਲ ਕਰਨਗੇ।
ਮੰਨਿਆ ਜਾ ਰਿਹਾ ਹੈ ਕਿ ਜੇ ਮੌਸਮ ਠੀਕ ਰਹਿੰਦਾ ਹੈ ਤਾਂ ਵਿਲਮੋਰ ਤੇ ਸੁਨੀਤਾ ਨੂੰ ਅਗਲੇ ਹਫ਼ਤੇ ਫਲੋਰੀਡਾ ਦੇ ਸਾਹਿਲ ਨਜ਼ਦੀਕ ਸਮੁੰਦਰੀ ਖੇਤਰ ਵਿਚ ਉਤਾਰਿਆ ਜਾਵੇਗਾ।
ਵਿਲਮੋਰ ਤੇ ਵਿਲੀਅਮਸ ਬੋਇੰਗ ਦੇ ਨਵੇਂ ਸਟਾਰਲਾਈਨਰ ਕੈਪਸੂਲ ’ਤੇ 5 ਜੂਨ ਨੂੰ ਕੇਪ ਕੈਨਵੇਰਲ ਤੋਂ ਰਵਾਨਾ ਹੋਏ ਸੀ। ਦੋਵੇਂ ਇਕ ਹਫ਼ਤੇ ਲਈ ਹੀ ਗਏ ਸੀ, ਪਰ ਪੁਲਾੜ ਵਾਹਨ ਵਿਚ ਹੀਲੀਅਮ ਦੇ ਰਿਸਾਅ ਤੇ ਰਫ਼ਤਾਰ ਵਿਚ ਕਮੀ ਕਰਕੇ ਪਿਛਲੇ ਨੌਂ ਮਹੀਨਿਆਂ ਤੋਂ ਪੁਲਾੜ ਸਟੇਸ਼ਨ ਵਿਚ ਫਸੇ ਹੋਏ ਹਨ।
ਅਮਰੀਕੀ ਪੁਲਾੜ ਏਜੰਸੀ ਦੇ ਕੈਨੇਡੀ ਪੁਲਾੜ ਕੇਂਦਰ ਤੋਂ ਰਵਾਨਾ ਹੋਏ ਪੁਲਾੜ ਯਾਤਰੀਆਂ ਦੀ ਨਵੀਂ ਟੀਮ ਵਿਚ ਨਾਸਾ ਦੇ ਐਨੀ ਮੈਕਲੇਨ(Anne McClain) ਤੇ ਨਿਕੋਲ ਏਅਰਸ (Nichole Ayers) ਸ਼ਾਮਲ ਹਨ।
ਇਹ ਦੋਵੇਂ ਫੌਜੀ ਪਾਇਲਟ ਹਨ। ਇਨ੍ਹਾਂ ਤੋਂ ਇਲਾਵਾ ਜਾਪਾਨ ਦੇ ਤਾਕੁਯਾ ਓਨਿਸ਼ੀ (Takuya Onishi) ਤੇ ਰੂਸ ਦੇ ਕਿਰਿਲ ਪੈਸਕੋਵ (Kirill Peskov) ਵੀ ਰਵਾਨਾ ਹੋਏ ਹਨ ਤੇ ਦੋਵੇਂ ਏਅਰਲਾਈਨ ਕੰਪਨੀਆਂ ਦੇ ਸਾਬਕਾ ਪਾਇਲਟ ਹਨ।
ਇਹ ਚਾਰ ਜਣੇ ਵਿਲਮੋਰ ਤੇ ਵਿਲੀਅਮਸ ਦੇ ਧਰਤੀ ਲਈ ਰਵਾਨਾ ਹੋਣ ਮਗਰੋਂ ਅਗਲੇ ਛੇ ਮਹੀਨੇ ਪੁਲਾੜ ਸਟੇਸ਼ਨ ਵਿਚ ਬਿਤਾਉਣਗੇ। -ਏਪੀ