ਮੈਸੇਡੋਨੀਆ ਦੇ ਨਾਈਟ ਕਲੱਬ ’ਚ ਅੱਗ ਲੱਗੀ, 59 ਹਲਾਕ
ਸਕੋਪਜੇ (ਉੱਤਰੀ ਮੈਸੇਡੋਨੀਆ), 16 ਮਾਰਚ
ਉੱਤਰੀ ਮੈਸੇਡੋਨੀਆ ਦੇ ਪੂਰਬੀ ਕਸਬੇ ਕੋਕਾਨੀ ਦੇ ਇਕ ਨਾਈਟ ਕਲੱਬ ’ਚ ਸ਼ਨਿਚਰਵਾਰ ਦੇਰ ਰਾਤ ਲੱਗੀ ਅੱਗ ’ਚ 59 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਰੀਬ 150 ਤੋਂ ਵੱਧ ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਇਸ ਮਾਮਲੇ ’ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਹਿ ਮੰਤਰੀ ਪਾਂਚੇ ਤੋਸ਼ਕੋਵਸਕੀ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਅੱਗ ਦੇਰ ਰਾਤ 2.35 ਵਜੇ ਇਕ ਸਥਾਨਕ ਪੌਪ ਗਰੁੱਪ ਦੇ ਸੰਗੀਤ ਪ੍ਰੋਗਰਾਮ ਦੌਰਾਨ ਲੱਗੀ। ਉਨ੍ਹਾਂ ਦੱਸਿਆ ਕਿ 39 ਮ੍ਰਿਤਕਾਂ ਦੀ ਪਛਾਣ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵੱਲੋਂ ਆਤਿਸ਼ਬਾਜ਼ੀ ਚਲਾਏ ਜਾਣ ਕਾਰਨ ਛੱਤ ਨੂੰ ਅੱਗ ਲੱਗੀ ਜਿਸ ਮਗਰੋਂ ਇਹ ਪੂਰੇ ਕਲੱਬ ’ਚ ਫੈਲ ਗਈ। ਵੀਡੀਓਜ਼ ’ਚ ਨੌਜਵਾਨ ਧੂੰਏਂ ’ਚ ਭੱਜਦੇ ਹੋਏ ਦਿਖਾਈ ਦੇ ਰਹੇ ਹਨ ਜਦਕਿ ਸਾਜਿੰਦੇ ਲੋਕਾਂ ਨੂੰ ਉਥੋਂ ਤੁਰੰਤ ਨਿਕਲਣ ਲਈ ਆਖ ਰਹੇ ਹਨ। ਸਿਹਤ ਮੰਤਰੀ ਅਰਬੇਨ ਤਾਰਾਵਰੀ ਨੇ ਕਿਹਾ ਕਿ 118 ਵਿਅਕਤੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪ੍ਰਧਾਨ ਮੰਤਰੀ ਰਿਸਤੀਜਾਨ ਮਿਕੋਸਕੀ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਉਂਦਿਆਂ ਕਿਹਾ ਕਿ ਮੈਸੇਡੋਨੀਆ ਲਈ ਇਹ ਮੁਸ਼ਕਲ ਸਮਾਂ ਹੈ। ਇਹ ਕਲੱਬ ਪੁਰਾਣੀ ਇਮਾਰਤ ’ਚ ਸੀ ਜੋ ਪਹਿਲਾਂ ਕਾਲੀਨਾਂ ਦਾ ਗੁਦਾਮ ਹੁੰਦੀ ਸੀ। ਤੋਸ਼ਕੋਵਸਕੀ ਨੇ ਕਿਹਾ ਕਿ ਅਧਿਕਾਰੀ ਘਟਨਾ ਸਥਾਨ ਦੇ ਲਾਇਸੈਂਸ ਅਤੇ ਉਥੋਂ ਦੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕਰਨਗੇ। ਉਨ੍ਹਾਂ ਕਿਹਾ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਲਾਖਾਂ ਪਿੱਛੇ ਡੱਕਿਆ ਜਾਵੇਗਾ। ਅੱਗ ਲੱਗਣ ਕਾਰਨ ਹੋਈਆਂ ਮੌਤਾਂ ’ਤੇ ਅਲਬਾਨੀਆ ਦੇ ਪ੍ਰਧਾਨ ਮੰਤਰੀ ਏਡੀ ਰਾਮਾ, ਯੂਰਪੀ ਕਮਿਸ਼ਨਰ ਮਾਰਤਾ ਕੋਸ ਅਤੇ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਸਮੇਤ ਖ਼ਿੱਤੇ ਦੇ ਹੋਰ ਆਗੂਆਂ ਨੇ ਸੋਗ ਸੁਨੇਹੇ ਭੇਜੇ ਹਨ। -ਏਪੀ