Punjab News:ਪੁਲੀਸ ਕਾਰਵਾਈ ਵਿੱਚ ਮੁਲਜ਼ਮ ਹਲਾਕ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਮਾਰਚ
Punjab News: ਪੁਲੀਸ ਹਿਰਾਸਤ ਵਿੱਚੋਂ ਭੱਜਣ ਦਾ ਯਤਨ ਕਰਦਿਆਂ ਗੋਲੀ ਲੱਗਣ ਕਾਰਨ ਮੁਲਜ਼ਮ ਦੀ ਮੌਤ ਹੋ ਗਈ। ਸੀਨੀਅਰ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੇ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲੀਸ ’ਤੇ ਗੋਲੀ ਚਲਾ ਦਿੱਤੀ ਅਤੇ ਜਵਾਬੀ ਕਾਰਵਾਈ ਵਿੱਚ ਉਸ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਵਰਿੰਦਰਪਾਲ ਸਿੰਘ ਦੇ ਕਤਲ ਕੇਸ ਵਿੱਚ 9 ਮਾਰਚ ਨੂੰ ਥਾਣਾ ਮਹਿਤਾ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲੀਸ ਨੂੰ ਬਿਸ਼ੰਬਰਜੀਤ ਸਿੰਘ, ਸ਼ਰਨਜੀਤ ਸਿੰਘ ਅਤੇ ਬਿਕਰਮਜੀਤ ਸਿੰਘ ਲੋੜੀਂਦੇ ਸਨ। ਖੁਫੀਆ ਸੂਚਨਾ ਮਿਲੀ ਸੀ ਕਿ ਵਿਸ਼ੰਬਰਜੀਤ ਅਤੇ ਸ਼ਰਨਜੀਤ ਹਿਮਾਚਲ ਪ੍ਰਦੇਸ਼ ਦੇ ਸੋਲਨ ਇਲਾਕੇ ਵਿੱਚ ਇੱਕ ਹੋਟਲ ਵਿੱਚ ਲੁਕੇ ਹੋਏ ਹਨ। ਪੁਲੀਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂਕਿ ਇਨ੍ਹਾਂ ਦਾ ਤੀਜਾ ਸਾਥੀ ਬਿਕਰਮਜੀਤ ਸਿੰਘ ਫ਼ਰਾਰ ਹੈ।
ਉਨ੍ਹਾਂ ਦੱਸਿਆ ਕਿ ਇਹ ਦੋਵੇਂ ਮੁਲਜ਼ਮ ਸੁਖਦੇਵ ਸਿੰਘ ਝੰਡਾ, ਜੋ ਕਿ ਤਿਮੋਵਾਲ ਪਿੰਡ ਦੀ ਸਰਪੰਚ ਦਾ ਪਤੀ ਹੈ, ’ਤੇ ਗੋਲੀਬਾਰੀ ਦੀ ਘਟਨਾ ਵਿੱਚ ਵੀ ਪੁਲੀਸ ਨੂੰ ਲੋੜੀਂਦੇ ਸਨ। ਇਸ ਸਬੰਧੀ ਪੁਲੀਸ ਵੱਲੋਂ 14 ਫਰਵਰੀ ਨੂੰ ਅਸਲਾ ਐਕਟ ਤਹਿਤ ਥਾਣਾ ਖਿਲਚੀਆਂ ਵਿੱਚ ਵੱਖਰਾ ਕੇਸ ਦਰਜ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਮੁਲਜ਼ਮ ਬਿਸ਼ੰਬਰਜੀਤ ਵੱਲੋਂ ਕੀਤੇ ਖੁਲਾਸੇ ਤਹਿਤ ਕਤਲ ਵਿੱਚ ਵਰਤਿਆ ਗਿਆ ਹਥਿਆਰ ਉਸ ਵੱਲੋਂ ਪਿੰਡ ਸੇਰੋਂ ਬੱਗਾ ਵਿਖੇ ਲੁਕਾਇਆ ਗਿਆ ਸੀ। ਅਸਲੇ ਦੀ ਬਰਾਮਦਗੀ ਲਈ ਪੁਲੀਸ ਉਸ ਨੂੰ ਮੌਕੇ ’ਤੇ ਲੈ ਕੇ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ਦੌਰਾਨ ਮੁਲਜ਼ਮ ਨੇ ਪੁਲੀਸ ਹਿਰਾਸਤ ਵਿੱਚੋਂ ਭੱਜਣ ਦਾ ਯਤਨ ਕੀਤਾ ਅਤੇ ਲੁਕਾ ਕੇ ਰੱਖੀ ਪਿਸਤੌਲ ਨਾਲ ਪੁਲੀਸ ਪਾਰਟੀ ’ਤੇ ਗੋਲੀ ਚਲਾ ਦਿੱਤੀ। ਇਸ ਦੌਰਾਨ ਇੱਕ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਵਾਰ-ਵਾਰ ਚਿਤਾਵਨੀ ਦੇਣ ਦੇ ਬਾਵਜੂਦ ਉਸਨੇ ਆਤਮ ਸਮਰਪਣ ਨਹੀਂ ਕੀਤਾ। ਕਾਬੂ ਕਰਨ ਲਈ ਪੁਲੀਸ ਵੱਲੋਂ ਕੀਤੀ ਕਾਰਵਾਈ ਦੌਰਾਨ ਉਸ ਨੂੰ ਗੋਲੀ ਲੱਗ ਗਈ। ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ ਤੇ ਹਥਿਆਰ ਵੀ ਬਰਾਮਦ ਕਰ ਲਿਆ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।