BCCI's medical team head Nitin Patel: ਬੀਸੀਸੀਆਈ ਦੇ ਮੈਡੀਕਲ ਟੀਮ ਦੇ ਮੁਖੀ ਨਿਤਿਨ ਪਟੇਲ ਵੱਲੋਂ ਅਸਤੀਫਾ
ਨਵੀਂ ਦਿੱਲੀ, 16 ਮਾਰਚ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸੈਂਟਰ ਆਫ ਐਕਸੀਲੈਂਸ (ਸੀਓਈ) ਦੇ ਸਟਾਫ ਵਿੱਚ ਆਉਂਦੇ ਦਿਨਾਂ ਵਿੱਚ ਕੁੱਝ ਵੱਡੇ ਬਦਲਾਅ ਹੋ ਸਕਦੇ ਹਨ ਕਿਉਂਕਿ ਖੇਡ ਵਿਗਿਆਨ ਅਤੇ ਮੈਡੀਕਲ ਟੀਮ ਦੇ ਮੁਖੀ ਨਿਤਿਨ ਪਟੇਲ ਨੇ ਲਗਪਗ ਤਿੰਨ ਸਾਲਾਂ ਦੇ ਸਫਲ ਕਾਰਜਕਾਲ ਤੋਂ ਬਾਅਦ ਹਾਲ ਹੀ ’ਚ ਆਪਣਾ ਅਸਤੀਫਾ ਦੇ ਦਿੱਤਾ ਹੈ। ਸੀਓਈ ਨੂੰ ਪਹਿਲਾਂ ਐੱਨਸੀਏ (ਨੈਸ਼ਨਲ ਕ੍ਰਿਕਟ ਅਕੈਡਮੀ) ਕਿਹਾ ਜਾਂਦਾ ਸੀ। ਬੀਸੀਸੀਆਈ ਦੇ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਐੱਨਸੀਏ ਦੇ ਸੀਨੀਅਰ ਅਧਿਕਾਰੀਆਂ ’ਚੋਂ ਇੱਕ ਨਿਤਿਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਬੀਸੀਸੀਆਈ ਦੇ ਸੀਨੀਅਰ ਸੂਤਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ, ‘ਹਾਂ, ਨਿਤਿਨ ਨੇ ਖੇਡ ਵਿਗਿਆਨ ਅਤੇ ਮੈਡੀਕਲ ਟੀਮ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਨਿਤਿਨ ਦਾ ਬੀਸੀਸੀਆਈ ਨਾਲ ਕਾਰਜਕਾਲ ਬਹੁਤ ਵਧੀਆ ਰਿਹਾ। ਉਨ੍ਹਾਂ ਨੇ ਐੱਨਸੀਏ ਵਿੱਚ ਖੇਡ ਵਿਗਿਆਨ ਅਤੇ ਮੈਡੀਕਲ ਟੀਮ ਸਥਾਪਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।’ ਸੂਤਰ ਨੇ ਕਿਹਾ, ‘ਪਿਛਲੇ ਕੁਝ ਸਾਲਾਂ ਵਿੱਚ ਸਭ ਤੋਂ ਵਧੀਆ ਗੱਲ ਇਹ ਰਹੀ ਕਿ ਜਦੋਂ ਵੀ ਕੋਈ ਖਿਡਾਰੀ ਜ਼ਖਮੀ ਹੋਣ ਤੋਂ ਬਾਅਦ ਇਲਾਜ ਲਈ ਇੱਥੇ ਆਇਆ, ਤਾਂ ਉਸ ਨੂੰ ਪੂਰੀ ਤਰ੍ਹਾਂ ਫਿੱਟ ਹੋਣ ਤੋਂ ਬਾਅਦ ਹੀ ਖੇਡਣ ਦੀ ਇਜਾਜ਼ਤ ਦਿੱਤੀ ਗਈ।’
ਪਟੇਲ ਨੇ ਆਪਣੇ ਕਾਰਜਕਾਲ ਦੌਰਾਨ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ, ਬੱਲੇਬਾਜ਼ ਕੇਐਲ ਰਾਹੁਲ ਤੇ ਸਪਿੰਨਰ ਕੁਲਦੀਪ ਯਾਦਵ ਵਰਗੇ ਪ੍ਰਮੁੱਖ ਖਿਡਾਰੀਆਂ ਦੇ ਦੀ ਵਾਪਸੀ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਸੂਤਰ ਨੇ ਕਿਹਾ ਕਿ ਲੈਵਲ ਥ੍ਰੀ ਕੋਚ ਅਤੇ ‘ਸਟ੍ਰੈਂਥ ਐਂਡ ਕੰਡੀਸ਼ਨਿੰਗ’ ਨਾਲ ਜੁੜੇ ਕੁਝ ਕੋਚ ਵੀ ਅਗਲੇ ਕੁਝ ਮਹੀਨਿਆਂ ਵਿੱਚ ਆਪਣੇ ਅਹੁਦੇ ਛੱਡ ਸਕਦੇ ਹਨ। ਐੱਨਸੀਏ ਮੁਖੀ ਵੀਵੀਐਸ ਲਕਸ਼ਮਣ ਦਾ ਕਾਰਜਕਾਲ ਵੀ ਇਸ ਸਾਲ ਦੇ ਅੰਤ ਤੱਕ ਖਤਮ ਹੋਣ ਜਾ ਰਿਹਾ ਹੈ। -ਪੀਟੀਆਈ