ਪੈਰਿਸ ਓਲੰਪਿਕ: ਭਾਰਤੀ ਹਾਕੀ ਟੀਮ ਨੇ ਦਰਬਾਰ ਸਾਹਿਬ ਮੱਥਾ ਟੇਕਿਆ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 11 ਅਗਸਤ
ਪੈਰਿਸ ਓਲੰਪਿਕ ’ਚ ਕਾਂਸੀ ਦਾ ਤਗ਼ਮਾ ਜਿੱਤ ਕੇ ਪਰਤੀ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੇ ਅੱਜ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਜਿੱਤ ਲਈ ਗੁਰੂ ਘਰ ਦਾ ਸ਼ੁਕਰਾਨਾ ਕੀਤਾ। ਭਾਰੀ ਮੀਂਹ ਦੇ ਬਾਵਜੂਦ ਹਾਕੀ ਖਿਡਾਰੀਆਂ ਦਾ ਹਵਾਈ ਅੱਡੇ ਅਤੇ ਹਰਿਮੰਦਰ ਸਾਹਿਬ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਇੱਥੇ ਪੁੱਜੇ ਓਲੰਪਿਕ ਖਿਡਾਰੀਆਂ ਵਿੱਚ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ, ਉਪ ਕਪਤਾਨ ਹਾਰਦਿਕ ਸਿੰਘ, ਸਾਬਕਾ ਕਪਤਾਨ ਮਨਪ੍ਰੀਤ ਸਿੰਘ, ਗੁਰਜੰਟ ਸਿੰਘ, ਸ਼ਮਸ਼ੇਰ ਸਿੰਘ, ਮਨਦੀਪ ਸਿੰਘ, ਜਰਮਨਪ੍ਰੀਤ ਸਿੰਘ ਬੱਲ, ਸੁਖਜੀਤ ਸਿੰਘ ਅਤੇ ਜੁਗਰਾਜ ਸਿੰਘ ਸ਼ਾਮਲ ਸਨ।
ਦਰਬਾਰ ਸਾਹਿਬ ਨਤਮਸਤਕ ਹੋਣ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖਿਡਾਰੀਆਂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਖਿਡਾਰੀਆਂ ਦੀ ਜਿੱਤ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਣਾ ਵੱਡੀ ਪ੍ਰਾਪਤੀ ਹੈ। ਟੀਮ ਵਿੱਚ ਸ਼ਾਮਲ ਪੰਜਾਬ ਦੇ ਖਿਡਾਰੀਆਂ ਨੇ ਲੰਮੇ ਅਰਸੇ ਤੋਂ ਬਾਅਦ ਪੰਜਾਬ ਦੇ ਹਾਕੀ ਨਾਲ ਸਬੰਧਤ ਇਤਿਹਾਸ ਨੂੰ ਦੁਹਰਾਇਆ ਹੈ। ਉਨ੍ਹਾਂ ਨੇ ਹਾਕੀ ਖਿਡਾਰੀਆਂ ਨੂੰ ਦਰਬਾਰ ਸਾਹਿਬ ਦਾ ਸੁਨਹਿਰੀ ਮਾਡਲ, ਧਾਰਮਿਕ ਪੁਸਤਕਾਂ ਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਹਾਕੀ ਖਿਡਾਰੀਆਂ ਦਾ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ’ਤੇ ਪੰਜਾਬ ਦੇ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਹਰਭਜਨ ਸਿੰਘ ਈਟੀਓ ਨੇ ਪੰਜਾਬ ਸਰਕਾਰ ਵੱਲੋਂ ਜੀ ਆਇਆਂ ਕਿਹਾ। ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੇਤੂ ਟੀਮ ਦੇ ਹਰ ਪੰਜਾਬੀ ਖਿਡਾਰੀ ਨੂੰ ਇੱਕ-ਇੱਕ ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕਰ ਚੁੱਕੇ ਹਨ। ਇਸੇ ਤਰ੍ਹਾਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਹਾਕੀ ਖਿਡਾਰੀਆਂ ’ਤੇ ਸਦਾ ਮਾਣ ਰਹੇਗਾ। ਇਸ ਮੌਕੇ ਸਾਬਕਾ ਹਾਕੀ ਓਲੰਪੀਅਨ ਅਤੇ ਵਿਧਾਇਕ ਪਰਗਟ ਸਿੰਘ, ਹਰਪ੍ਰੀਤ ਸਿੰਘ ਮੰਡੇਰ, ਬਲਵਿੰਦਰ ਸਿੰਘ ਸ਼ੰਮੀ, ਸੰਜੀਵ ਕੁਮਾਰ, ਜੁਗਰਾਜ ਸਿੰਘ, ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਆਦਿ ਹਾਜ਼ਰ ਸਨ।
ਸਾਬਤ ਸੂਰਤ ਰਹਿੰਦਿਆਂ ਖੇਡਣਾ ਆਪਣੇ ਆਪ ’ਚ ਵੱਡੀ ਪ੍ਰਾਪਤੀ: ਜਰਮਨਪ੍ਰੀਤ ਸਿੰਘ
ਪੈਰਿਸ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਹਾਕੀ ਟੀਮ ਦਾ ਹਿੱਸਾ ਸਾਬਤ ਸੂਰਤ ਸਿੱਖ ਖਿਡਾਰੀ ਜਰਮਨਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਹਾਕੀ ਨੂੰ ਉਤਸ਼ਾਹਿਤ ਕਰਨ ਲਈ ਹਰ ਪਿੰਡ ਵਿੱਚ ਹਾਕੀ ਗਰਾਊਂਡ ਹੋਣੀ ਜ਼ਰੂਰੀ ਹੈ। ਉਸ ਨੇ ਅਫਸੋਸ ਪ੍ਰਗਟਾਇਆ ਕਿ ਉਸ ਦੇ ਖੁਦ ਦੇ ਪਿੰਡ ਵਿੱਚ ਗਰਾਊਂਡ ਨਹੀਂ ਹੈ। ਉਸ ਨੇ ਕਿਹਾ ਕਿ ਸਾਬਤ ਸੂਰਤ ਰਹਿੰਦਿਆਂ ਖੇਡਣਾ ਆਪਣੇ ਆਪ ਵਿੱਚ ਹੀ ਇੱਕ ਪ੍ਰਾਪਤੀ ਹੈ। ਇਸ ਓਲੰਪਿਕ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਟੀਮ ਦੇ ਬਿਹਤਰ ਪ੍ਰਦਰਸ਼ਨ, ਤਾਲਮੇਲ ਅਤੇ ਗੁਰੂ ਘਰ ਦੇ ਆਸ਼ੀਰਵਾਦ ਸਦਕਾ ਹੀ ਟੀਮ ਨੂੰ ਇਹ ਜਿੱਤ ਹਾਸਲ ਹੋਈ ਹੈ। ਉਸ ਨੇ ਟੀਮ ਲਈ ਭਵਿੱਖ ਵਿੱਚ ਹੋਰ ਬਿਹਤਰ ਪ੍ਰਦਰਸ਼ਨ ਦੀ ਆਸ ਕੀਤੀ। ਮਨਪ੍ਰੀਤ ਸਿੰਘ ਅਤੇ ਹੋਰ ਖਿਡਾਰੀਆਂ ਨੇ ਕਿਹਾ ਕਿ ਓਲੰਪਿਕ ਦੇ ਹਰ ਮੈਚ ਵਿੱਚ ਟੀਮ ਨੇ ਬਿਹਤਰ ਪ੍ਰਦਰਸ਼ਨ ਕੀਤਾ। ਸੈਮੀ ਫਾਈਨਲ ਵਿੱਚ ਖੁੰਝਣ ਤੋਂ ਬਾਅਦ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਣ ਦਾ ਪੱਕਾ ਇਰਾਦਾ ਕਰ ਲਿਆ ਸੀ ਅਤੇ ਅਜਿਹਾ ਕਰ ਕੇ ਵੀ ਦਿਖਾਇਆ।