ਪੰਥਕ ਅਕਾਲੀ ਲਹਿਰ ਵੱਲੋਂ ਗੁਰਦਾਸਪੁਰ ਵਿੱਚ ਕਾਨਫਰੰਸ
ਕੇ ਪੀ ਸਿੰਘ
ਗੁਰਦਾਸਪੁਰ, 22 ਮਾਰਚ
ਪੰਥਕ ਅਕਾਲੀ ਲਹਿਰ ਵੱਲੋਂ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਗੁਰਦਾਸਪੁਰ ਵਿੱਚ ਇੱਕ ਕਾਨਫ਼ਰੰਸ ਗੁਰਦੁਆਰਾ ਚਰਨ ਕਮਲ ਜੀਵਨ ਵਾਲ (ਬੱਬਰੀ) ਵਿੱਚ ਕਰਵਾਈ ਗਈ। ਇਸ ਵਿੱਚ ਬਾਬਾ ਸਰਬਜੋਤ ਸਿੰਘ ਬੇਦੀ ਤੋਂ ਇਲਾਵਾ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਅਤੇ ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਖ਼ਾਲਸਾ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਹਾਜ਼ਰੀ ਭਰੀ। ਇਸ ਮੌਕੇ ਸੰਬੋਧਨ ਕਰਦੇ ਹੋਏ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜੇਕਰ ਸੰਗਤ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਬਖ਼ਸ਼ੀ ਗਈ ਤਾਂ ਪੰਚ ਪ੍ਰਧਾਨੀ ਸਿਸਟਮ ਲਾਗੂ ਕਰਕੇ ਗੁਰੂ ਮਹਾਰਾਜ ਵੱਲੋਂ ਚਲਾਈ ਹੋਈ ਪਰੰਪਰਾ ਨੂੰ ਲਾਗੂ ਕਰਨਗੇ। ਉਨ੍ਹਾਂ ਕਿਹਾ ਕਿ ਲੋੜਵੰਦ ਸਿੱਖਾਂ ਨੂੰ ਵਿੱਦਿਆ ਅਤੇ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ। ਗੁਰੂ ਘਰਾਂ ’ਚ ਪਹੁੰਚਣ ਵਾਲੇ ਯਾਤਰੂਆਂ ਵਾਸਤੇ ਆਧੁਨਿਕ ਸਮੇਂ ਦੀਆਂ ਸਰਾਂਵਾਂ ਅਤੇ ਰਿਹਾਇਸ਼ ਬਣਾਈਆਂ ਜਾਣਗੀਆਂ। ਗੁਰੂ ਕੀ ਗੋਲਕ ਦੀ ਲੁੱਟ ਨੂੰ ਰੋਕਣ ਲਈ ਸਾਰੇ ਪ੍ਰਬੰਧ ਕੀਤੇ ਜਾਣਗੇ ਅਤੇ ਗੁਰੂ ਸਾਹਿਬ ਦੀਆਂ ਜਾਇਦਾਦਾਂ ਉੱਪਰ ਕਾਬਜ਼ ਲੋਕਾਂ ਨੂੰ ਹਟਾਇਆ ਜਾਵੇਗਾ। ਉਹਨਾਂ ਕਿਹਾ ਕਿ ਮੀਰੀ ਪੀਰੀ ਦਾ ਸਿਧਾਂਤ ਲਾਗੂ ਕਰਕੇ ਗੁਰੂ ਗ੍ਰੰਥ ਅਤੇ ਪੰਥ ਨੂੰ ਸਮਰਪਿਤ ਹੋਇਆ ਜਾਵੇਗਾ। ਅੱਜ ਹਰੇਕ ਸਿੱਖ ਨੂੰ ਸਿਆਸਤ ਤੋਂ ਉੱਪਰ ਉੱਠ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਯੋਗ ਹੱਥਾਂ ਵਿੱਚ ਦੇਣ ਲਈ ਉਪਰਾਲਾ ਕਰਨਾ ਚਾਹੀਦਾ ਹੈ। ਬਾਬਾ ਸਰਬਜੋਤ ਸਿੰਘ ਬੇਦੀ ਨੇ ਕਿਹਾ ਕਿ ਸਿੱਖ ਕੌਮ ਲਈ ਇਹ ਅਖੀਰਲਾ ਮੌਕਾ ਹੈ ਕਿ ਕੇਂਦਰ ਦੀ ਸਹਾਇਤਾ ਨਾਲ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਧਿਰ ਨੂੰ ਬਾਹਰ ਕਰਨਾ ਹੈ।