ਪਿੰਡ ਭਲਿਆਣ ਵਿੱਚ ਪੰਚਾਇਤ ਮੈਂਬਰਾਂ ’ਤੇ ਹਮਲਾ
ਸੰਜੀਵ ਬੱਬੀ
ਚਮਕੌਰ ਸਾਹਿਬ, 10 ਅਪਰੈਲ
ਪੁਲੀਸ ਚੌਂਕੀ ਬੇਲਾ ਅਧੀਨ ਪੈਂਦੇ ਪਿੰਡ ਭਲਿਆਣ ਦੇ ਪੰਚਾਇਤ ਘਰ ਵਿੱਚ ਕੁੱਝ ਨੌਜਵਾਨਾਂ ਵੱਲੋਂ ਹੰਗਾਮਾ ਕਰਦਿਆਂ ਪੰਚਾਇਤ ਮੈਂਬਰਾਂ ’ਤੇ ਹਮਲਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਸਰਪੰਚ ਸਤਵੀਰ ਸਿੰਘ ਨੇ ਦੱਸਿਆ ਕਿ ਪੰਚਾਇਤ ਘਰ ਵਿੱਚ ਪੰਚਾਇਤ ਮੈਂਬਰ ਪਿੰਡ ਦੇ ਦੋ ਧਿਰਾਂ ਵਿਚਾਲੇ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਜਦੋਂ ਇਕੱਠੇ ਹੋਏ ਤਾਂ ਕੁੱਝ ਹਮਲਾਵਰਾਂ ਨੇ ਪੰਚਾਇਤ ਘਰ 'ਚ ਦਾਖਲ ਹੋ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿਤੀਆਂ ਅਤੇ ਕੁਝ ਮੈਂਬਰਾਂ ਨਾਲ ਧੱਕਾ ਮੁੱਕੀ ਵੀ ਕੀਤੀ। ਉਨ੍ਹਾਂ ਦੱਸਿਆ ਕਿ ਇੱਕ ਗੁਰਸਿੱਖ ਨੌਜਵਾਨ ਜੋ ਕਿ ਆਪਣੀ ਕਿਸੇ ਦਰਖਾਸਤ ’ਤੇ ਸਰਪੰਚ ਅਤੇ ਪੰਚਾਇਤ ਮੈਬਰਾਂ ਦੇ ਦਸਤਖਤ ਕਰਾਉਣ ਆਇਆ ਸੀ , ਉਸ ਦਾ ਦੁਮਾਲਾ ਉਤਾਰ ਕੇ ਉਸ ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰ ਦਿੱਤਾ ਗਿਆ। ਸਰਪੰਚ ਨੇ ਦੱਸਿਆ ਕਿ ਮਾਮਲਾ ਕਾਫੀ ਗੰਭੀਰ ਹੋ ਗਿਆ ਜਦੋਂ ਉਨ੍ਹਾਂ ਨੇ ਪੰਚਾਇਤ ਦੀ ਕਾਰਵਾਈ ਵਿੱਚ ਰੁਕਾਵਟ ਪਾਈ। ਇਸ ਘਟਨਾ ਤੋਂ ਪੰਚਾਇਤ ਮੈਂਬਰ ਅਤੇ ਪਿੰਡ ਵਾਸੀ ਸਹਿਮੇ ਹੋਏ ਹਨ। ਸਰਪੰਚ ਸਤਵੀਰ ਸਿੰਘ ਅਤੇ ਹੋਰ ਪੰਚਾਂ ਨੇ ਸਖ਼ਤ ਰੋਸ ਜਤਾਉਂਦਿਆਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਐਸਡੀਐਮ ਅਮਰੀਕ ਸਿੰਘ ਸਿੱਧੂ, ਬਲਾਕ ਤੇ ਪੰਚਾਇਤ ਅਫਸਰ ਅਤੇ ਪੁਲੀਸ ਪ੍ਰਸ਼ਾਸਨ ਨੂੰ ਲਿਖਤੀ ਜਾਣਕਾਰੀ ਦੇ ਦਿੱਤੀ ਹੈ ਅਤੇ ਹਮਲਾਵਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੰਚਾਇਤ ਮੈਂਬਰਾਂ ਨੇ ਕਿਹਾ ਕਿ ਜੇ ਇਨਸਾਫ਼ ਨਾ ਮਿਲਿਆ ਤਾਂ ਪਿੰਡ ਦੇ ਲੋਕ ਧਰਨਾ ਦੇਣ ਲਈ ਮਜਬੂਰ ਹੋਣਗੇ।