ਪਹਿਲਗਾਮ ਹਮਲਾ: ਭਾਰਤ ਤੇ ਪਾਕਿਸਤਾਨ ਦੇ ਨਾਗਰਿਕਾਂ ਦਾ ਅਟਾਰੀ-ਵਾਹਗਾ ਸਰਹੱਦ ਰਸਤਿਓਂ ਮੁਲਕ ਪਰਤਣ ਦਾ ਸਿਲਸਿਲਾ ਜਾਰੀ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25 ਅਪਰੈਲ
ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਅਟਾਰੀ ਸਰਹੱਦ ਆਵਾਜਾਈ ਲਈ ਬੰਦ ਕਰਨ ਦੇ ਫੈਸਲੇ ਤਹਿਤ ਅੱਜ ਦੂਜੇ ਦਿਨ ਵੀ ਦੋਵਾਂ ਦੇਸ਼ਾਂ ਵਿੱਚੋਂ ਇੱਕ ਦੂਜੇ ਮੁਲਕਾਂ ਦੇ ਨਾਗਰਿਕਾਂ ਦਾ ਆਪੋ ਆਪਣੇ ਦੇਸ਼ ਪਰਤਣ ਦਾ ਸਿਲਸਿਲਾ ਜਾਰੀ ਰਿਹਾ। ਭਾਰਤ ਸਰਕਾਰ ਨੇ ਪਾਕਿ ਨਾਗਰਿਕਾਂ ਨੂੰ ਵਾਪਸ ਪਰਤਣ ਲਈ 48 ਘੰਟੇ ਦਾ ਸਮਾਂ ਦਿੱਤਾ ਸੀ।
ਜਾਣਕਾਰੀ ਮੁਤਾਬਕ ਅਟਾਰੀ ਸਰਹੱਦ ’ਤੇ ਅੱਜ ਸਵੇਰ ਤੋਂ ਹੀ ਦੋਵਾਂ ਮੁਲਕਾਂ ਦੇ ਨਾਗਰਿਕਾਂ ਦੀ ਆਵਾਜਾਈ ਦਾ ਸਿਲਸਿਲਾ ਸਾਰਾ ਦਿਨ ਜਾਰੀ ਰਿਹਾ। ਸੂਤਰਾਂ ਮੁਤਾਬਕ ਪਾਕਿਸਤਾਨ ਵਿੱਚੋਂ ਕਰੀਬ 275 ਤੋਂ ਵੱਧ ਭਾਰਤੀ ਨਾਗਰਿਕ ਅੱਜ ਅਟਾਰੀ ਸਰਹੱਦ ਰਸਤੇ ਭਾਰਤ ਵਾਪਸ ਪੁੱਜੇ ਹਨ। ਜਦੋਂ ਕਿ ਭਾਰਤ ਵਿੱਚੋਂ ਲਗਪਗ 190 ਪਾਕਿਸਤਾਨੀ ਨਾਗਰਿਕ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਵਾਪਸ ਗਏ ਹਨ। ਪਾਕਿਸਤਾਨ ਤੋਂ ਵਾਪਸ ਪਰਤ ਰਹੇ ਭਾਰਤੀ ਨਾਗਰਿਕਾਂ ਨੇ ਦੱਸਿਆ ਕਿ ਉਹ ਆਪਣੀ ਯਾਤਰਾ ਵਿਚਾਲੇ ਹੀ ਛੱਡ ਕੇ ਵਾਪਸ ਪਰਤ ਆਏ ਹਨ।
ਬਾਬਾ ਲੱਖਾ ਸਿੰਘ ਕਾਰ ਸੇਵਾ ਸੰਪਰਦਾ ਨਾਲ ਸਬੰਧਤ ਕਾਰ ਸੇਵਾ ਵਾਲੇ ਬਾਬੇ ਵੀ ਪਾਕਿਸਤਾਨ ਤੋਂ ਸੇਵਾ ਕਾਰਜ ਵਿਚਾਲੇ ਛੱਡ ਕੇ ਵਾਪਸ ਪਰਤੇ ਹਨ। ਉਹ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਬਾਲ ਲੀਲਾ ਸਾਹਿਬ, ਗੁਰਦੁਆਰਾ ਤੰਬੂ ਸਾਹਿਬ ਅਤੇ ਲਾਹੌਰ ਵਿਖੇ ਗੁਰਦੁਆਰਾ ਸ਼ਹੀਦ ਗੰਜ ਵਿਖੇ ਕਾਰ ਸੇਵਾ ਦਾ ਕੰਮ ਕਰ ਰਹੇ ਸਨ। ਵਾਪਸ ਪਰਤੇ ਕਾਰ ਸੇਵਾ ਵਾਲੇ ਬਾਬਿਆਂ ਨੇ ਦੱਸਿਆ ਕਿ ਉਹ ਮਾਰਚ ਮਹੀਨੇ ਵਿੱਚ ਗਏ ਸਨ ਅਤੇ ਉਨ੍ਹਾਂ ਕੋਲ ਲਗਪਗ ਇੱਕ ਸਾਲ ਦਾ ਵੀਜ਼ਾ ਸੀ। ਪਰ ਭਾਰਤ ਸਰਕਾਰ ਵੱਲੋਂ ਕੀਤੇ ਗਏ ਫੈਸਲੇ ਤਹਿਤ ਉਹ ਕਾਰ ਸੇਵਾ ਦਾ ਕੰਮ ਵਿਚਾਲੇ ਬੰਦ ਕਰਕੇ ਵਾਪਸ ਪਰਤ ਆਏ ਹਨ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਨਨਕਾਣਾ ਸਾਹਿਬ ਵਿਖੇ ਕੰਮ ਕਰਦਿਆਂ ਉਧਰ ਦੇ ਲੋਕਾਂ ਨੇ ਵੀ ਕਸ਼ਮੀਰ ਘਾਟੀ ਦੇ ਪਹਿਲਗਾਮ ਵਿੱਚ ਵਾਪਰੀ ਅਤਿਵਾਦੀ ਘਟਨਾ ਦੀ ਨਿੰਦਾ ਕੀਤੀ ਹੈ।
ਇਸ ਦੌਰਾਨ ਭਾਰਤ ਤੋਂ ਪਾਕਿਸਤਾਨ ਵਾਪਸ ਪਰਤਣ ਵਾਲਿਆਂ ਵਿੱਚ ਕਈ ਅਜਿਹੇ ਜੋੜੇ ਵੀ ਸ਼ਾਮਲ ਸਨ ਜਿਨਾਂ ਦਾ ਹਾਲ ਹੀ ਵਿੱਚ ਵਿਆਹ ਹੋਇਆ। ਅਜਿਹਾ ਹੀ ਇੱਕ ਜੋੜਾ ਪੰਜਾਬ ਨਾਲ ਸਬੰਧਤ ਹੈ। ਕੁੜੀ ਪੰਜਾਬ ਦੀ ਰਹਿਣ ਵਾਲੀ ਹੈ ਜਦੋਂ ਕਿ ਮੁੰਡਾ ਪਾਕਿਸਤਾਨ ਤੋਂ ਆਇਆ ਸੀ ਅਤੇ ਉਸ ਨੇ ਇਧਰ ਨਿਕਾਹ ਕਰਵਾਇਆ ਹੈ। ਇਸ ਘਟਨਾ ਕਰਕੇ ਮੁੰਡੇ ਨੂੰ ਅੱਜ ਵਾਪਸ ਪਰਤਣਾ ਪਿਆ ਹੈ। ਜਦੋਂ ਕਿ ਉਸ ਨੂੰ ਸਰਹੱਦ ’ਤੇ ਛੱਡਣ ਆਈ ਉਸ ਦੀ ਪਤਨੀ ਨੂੰ ਪਾਕਿਸਤਾਨ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਹੈ। ਇਸ ਕੁੜੀ ਕੋਲ ਭਾਰਤੀ ਪਾਸਪੋਰਟ ਹੈ। ਇਸੇ ਤਰ੍ਹਾਂ ਕਈ ਭਾਰਤੀ ਔਰਤਾਂ ਅਜਿਹੀਆਂ ਹਨ, ਜਿਨ੍ਹਾਂ ਕੋਲ ਫਿਲਹਾਲ ਭਾਰਤੀ ਨਾਗਰਿਕਤਾ ਹੈ ਅਤੇ ਉਨ੍ਹਾਂ ਦਾ ਵਿਆਹ ਪਾਕਿਸਤਾਨ ਵਿੱਚ ਹੋਇਆ ਹੈ। ਉਨ੍ਹਾਂ ਦਾ ਪਤੀ ਅਤੇ ਬੱਚੇ ਪਾਕਿਸਤਾਨ ਵਿੱਚ ਹਨ। ਉਹ ਅੱਜ ਵਾਪਸ ਪਰਤਣਾ ਚਾਹੁੰਦੀਆਂ ਸਨ, ਪਰ ਉਨ੍ਹਾਂ ਕੋਲ ਭਾਰਤੀ ਪਾਸਪੋਰਟ ਹੋਣ ਕਾਰਨ ਵਾਪਸ ਨਹੀਂ ਜਾਣ ਦਿੱਤਾ ਗਿਆ ਹੈ।
ਉਧਰ ਅੱਜ ਸ਼ਾਮ ਵੇਲੇ ਅਟਾਰੀ ਬਾਰਡਰ ’ਤੇ ਝੰਡਾ ਉਤਾਰਨ ਦੀ ਰਸਮ ਦੇਖਣ ਵਾਲੇ ਯਾਤਰੂਆਂ ਦੀ ਗਿਣਤੀ ਵਿੱਚ ਕਮੀ ਰਹੀ ਹੈ। ਪਹਿਲਗਾਮ ਘਟਨਾ ਤੋਂ ਬਾਅਦ ਬੀਤੇ ਕੱਲ੍ਹ ਵੀ ਝੰਡਾ ਉਤਾਰਨ ਦੀ ਰਸਮ ਦੇਖਣ ਵਾਲੇ ਭਾਰਤੀ ਯਾਤਰੂਆਂ ਦੀ ਗਿਣਤੀ ਘੱਟ ਸੀ। ਜਿਸ ਕਾਰਨ ਅਟਾਰੀ ਸਰਹੱਦ ’ਤੇ ਬਣੇ ਕੈਂਪਸ ਵਿੱਚ ਵਧੇਰੇ ਸੀਟਾਂ ਖਾਲੀ ਸਨ। ਪਹਿਲਗਾਮ ਘਟਨਾ ਦੇ ਰੋਸ ਵਜੋਂ ਬੀਐਸਐਫ ਵੱਲੋਂ ਝੰਡਾ ਉਤਾਰਨ ਦੀ ਰਸਮ ਵੇਲੇ ਪਰੇਡ ਕਮਾਂਡਰ ਨਾਲ ਹੱਥ ਨਾ ਮਿਲਾਉਣ ਅਤੇ ਗੇਟ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਕਰਕੇ ਅੱਜ ਵੀ ਗੇਟ ਬੰਦ ਰੱਖੇ ਗਏ।
ਇਸੇ ਤਰ੍ਹਾਂ ਪਾਕਿਸਤਾਨ ਰਸਤੇ ਅਫਗਾਨਿਸਤਾਨ ਨਾਲ ਚੱਲ ਰਿਹਾ ਇੱਕਪਾਸੜ ਵਪਾਰ ਵੀ ਰੋਕ ਦਿੱਤਾ ਗਿਆ। ਜਦੋਂ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੁੰਦਾ ਦੁਵੱਲਾ ਵਪਾਰ ਪੁਲਵਾਮਾ ਘਟਨਾ ਤੋਂ ਬਾਅਦ ਬੰਦ ਹੋ ਗਿਆ ਸੀ ਅਤੇ ਹੁਣ ਤੱਕ ਬੰਦ ਹੈ। ਪੁਲਵਾਮਾ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਚੱਲਦੀ ਸਮਝੌਤਾ ਐਕਸਪ੍ਰੈਸ ਰੇਲ ਗੱਡੀ ਅਤੇ ਬੱਸ ਆਵਾਜਾਈ ਵੀ ਬੰਦ ਹੋ ਚੁੱਕੀ ਹੈ।