ਸੀਬੀਐੱਸਈ: ਦਸਵੀਂ ਤੇ ਬਾਰ੍ਹਵੀਂ ਦਾ ਨਤੀਜਾ ਇਸ ਹਫ਼ਤੇ ’ਚ ਆਉਣ ਦੀ ਸੰਭਾਵਨਾ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 6 ਮਈ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ ਦਸਵੀਂ ਤੇ ਬਾਰ੍ਹਵੀਂ ਜਮਾਤ ਦਾ ਨਤੀਜਾ ਇਸ ਹਫਤੇ ਐਲਾਨਿਆ ਜਾ ਸਕਦਾ ਹੈ। ਬੋਰਡ ਨੇ ਨਤੀਜਿਆਂ ਬਾਰੇ ਹਾਲੇ ਤਕ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਪਰ ਅਧਿਕਾਰੀਆਂ ਨੇ ਦੱਸਿਆ ਕਿ ਨਤੀਜਾ ਤਿਆਰ ਹੋ ਗਿਆ ਹੈ ਤੇ ਇਹ ਕਿਸੇ ਵੀ ਸਮੇਂ ਐਲਾਨਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਬੋਰਡ ਨੇ ਦੋ ਸਰਕੁਲਰ ਜਾਰੀ ਕਰ ਕੇ ਪ੍ਰੀਖਿਆਵਾਂ ਦੀ ਜਾਂਚ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਕ ਵਿੱਚ ਦੱਸਿਆ ਗਿਆ ਹੈ ਕਿ ਵਿਦਿਆਰਥੀ ਆਪਣੇ ਡਿਜੀਲਾਕਰ ਨੂੰ ਐਕਟੀਵੇਟ ਕਰਨ ਜਿਸ ਲਈ ਸਕੂਲਾਂ ਨੂੰ ਪਿੰਨ ਨੰਬਰ ਭੇਜ ਦਿੱਤੇ ਗਏ ਹਨ। ਦੂਜੇ ਸਰਕੁਲਰ ਵਿੱਚ ਕਿਹਾ ਗਿਆ ਹੈ ਕਿ ਇਸ ਵਾਰ ਪ੍ਰੀਖਿਆਵਾਂ ਦੇ ਅੰਕਾਂ ਦੀ ਜਾਂਚ ਕਰਨ ਦਾ ਢੰਗ ਬਦਲ ਦਿੱਤਾ ਗਿਆ ਹੈ।
ਅੰਕ ਵੈਰੀਫਿਕੇਸ਼ਨ ਤੋਂ ਪਹਿਲਾਂ ਹੱਲ ਹੋਈਆਂ ਉੱਤਰ ਪੱਤਰੀਆਂ ਮਿਲਣਗੀਆਂ
ਬੋਰਡ ਦੇ ਨਤੀਜੇ ਦੇ ਐਲਾਨ ਤੋਂ ਪਹਿਲਾਂ ਜੇ ਕਿਸੇ ਵਿਦਿਆਰਥੀ ਨੂੰ ਘੱਟ ਨੰਬਰਾਂ ਦੀ ਸ਼ਿਕਾਇਤ ਹੁੰਦੀ ਸੀ ਤਾਂ ਉਹ ਪਹਿਲਾਂ ਅੰਕਾਂ ਦੀ ਪੜਤਾਲ ਲਈ ਅਪਲਾਈ ਕਰਦਾ ਸੀ ਤੇ ਬਾਅਦ ਵਿਚ ਉਸ ਨੂੰ ਆਪਣੀ ਉਤਰ ਪੱਤਰੀ ਦੀ ਕਾਪੀ ਮਿਲਦੀ ਸੀ। ਇਸ ਸਾਲ ਸੀਬੀਐੱਸਈ ਨੇ ਇਹ ਸਹੂਲਤ ਸਭ ਤੋਂ ਪਹਿਲਾਂ ਮੁਹੱਈਆ ਕਰਵਾ ਦਿੱਤੀ ਹੈ। ਉਤਰ ਪੱਤਰੀ ਦੀ ਕਾਪੀ ’ਚ ਅੰਕਾਂ ਦਾ ਹੇਰ ਫੇਰ ਜਾਪਣ ’ਤੇ ਵਿਦਿਆਰਥੀ ਰਿਵੈਲਿਊਏਸ਼ਨ ਭਰ ਸਕਦਾ ਹੈ।