ਲੋਕਾਂਵਿੱਚ ਨਫ਼ਰਤ ਫ਼ੈਲਾ ਰਿਹਾ ਹੈ ਵਿਰੋਧੀ ਗੱਠਜੋੜ ‘ਇੰਡੀਆ’: ਨੱਢਾ
ਸਤਨਾ, 3 ਸਤੰਬਰ
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਅੱਜ ਇੱਥੇ ਵਿਰੋਧੀ ਗੱਠਜੋੜ ਇੰਡੀਆ ’ਤੇ ਲੋਕਾਂ ’ਚ ਨਫ਼ਰਤ ਫ਼ੈਲਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਹ ਗੱਠਜੋੜ ਭਾਰਤੀ ਸੱਭਿਆਚਾਰ ਅਤੇ ਰੀਤੀ-ਰਿਵਾਜਾਂ ’ਤੇ ਹਮਲਾ ਕਰ ਰਿਹਾ ਹੈ। ਮੱਧ ਪ੍ਰਦੇਸ਼ ਵਿੱਚ ਇਸ ਸਾਲ ਦੇ ਅਖ਼ੀਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੇ ਚਿਤਰਕੂਟ ਸ਼ਹਿਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਨੱਢਾ ਨੇ ਲੋਕਾਂ ਨੂੰ ਦੇਸ਼ ਨੂੰ ਮਜ਼ਬੂਤ ਬਣਾਉਣ ਅਤੇ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਲਈ ਭਾਜਪਾ ਨੂੰ ਰਾਜ ਵਿਧਾਨ ਚੋਣਾਂ ਤੇ ਨਾਲ ਹੀ ਅਗਲੇ ਸਾਲ ਹੋਣ ਵਾਲੀ ਲੋਕ ਸਭਾ ਚੋਣਾਂ ਵਿੱਚ ਵੀ ਜਿਤਾਉਣ ਦੀ ਅਪੀਲ ਕੀਤੀ। ਨੱਢਾ ਨੇ ਚਿਤਰਕੂਟ ਤੋਂ ਪਾਰਟੀ ਦੀ ‘ਜਨ ਆਸ਼ੀਰਵਾਦ ਯਾਤਰਾ’ ਨੂੰ ਰਵਾਨਾ ਕੀਤਾ। ਇਸ ਮੌਕੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਅਤੇ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਵੀ ਮੌਜੂਦ ਸਨ। ਨੱਢਾ ਨੇ ਯਾਤਰਾ ਰਵਾਨਾ ਕਰਨ ਤੋਂ ਪਹਿਲਾਂ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਰਾਹੁਲ ਗਾਂਧੀ ਦੀ ‘ਮੁਹੱਬਤ ਦੀ ਦੁਕਾਨ’ ਹੁਣ ‘ਨਫ਼ਰਤ ਫ਼ੈਲਾਉਣ ਵਾਲੀ ਦੁਕਾਨ’ ਬਣ ਗਈ ਹੈ। ਦੋ ਦਿਨ ਪਹਿਲਾਂ ਮੁੰਬਈ ਵਿੱਚ ਹੋਈ ਵਿਰੋਧੀ ਧਿਰਾਂ ਦੇ ਗੱਠਜੋੜ ਦੀ ਮੀਟਿੰਗ ਦੌਰਾਨ ਭਾਰਤੀ ਸੱਭਿਆਚਾਰ, ਰੀਤੀ-ਰਿਵਾਜਾਂ ਅਤੇ ਧਰਮਾਂ ’ਤੇ ਹਮਲਾ ਕੀਤਾ ਗਿਆ ਸੀ।’’ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਡੀਐੱਮਕੇ ਨੇ ਸਨਾਤਨ ਧਰਮ ’ਤੇ ਹਮਲਾ ਕੀਤਾ ਸੀ। ਉਨ੍ਹਾਂ ਕਿਹਾ, ‘‘ਵਿਰੋਧੀ ਗੱਠਜੋੜ ਸਾਡੇ ਧਰਮ ਨੂੰ ਨਿਸ਼ਾਨਾ ਬਣਾ ਰਿਹਾ ਹੈ।’’ ਨੱਢਾ ਨੇ ਕਿਹਾ, ‘‘ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਦੇ ਪੁੱਤਰ ਉਧੈਨਿਧੀ ਸਟਾਲਿਨ ਨੇ ਟਿੱਪਣੀ ਕੀਤੀ ਹੈ ਕਿ ਸਨਾਤਨ ਧਰਮ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਉਸ ਨੇ ਇਸ ਦੀ ਤੁਲਨਾ ਕਰੋਨਾ ਤੇ ਮਲੇਰੀਆ ਨਾਲ ਕੀਤੀ। ਸਨਾਤਨ ਧਰਮ ਖ਼ਿਲਾਫ਼ ਬੋਲਣ ਤੇ ਜ਼ਹਿਰ ਫ਼ੈਲਾਉਣ ਵਾਲੇ ਵਿਰੋਧੀ ਗੱਠਜੋੜ ਨੂੰ ਨਕਾਰਿਆ ਜਾਣਾ ਚਾਹੀਦਾ ਹੈ। ਉਹ ਸਨਾਤਨ ਧਰਮ ਨੂੰ ਖ਼ਤਮ ਕਰਨਾ ਚਾਹੁੰਦੇ ਹਨ।’’ ਭਾਜਪਾ ਆਗੂ ਨੇ ਲੋਕਾਂ ਨੂੰ ਵਿਰੋਧੀ ਗੱਠਜੋੜ ਨੂੰ ਨਕਾਰ ਕੇ ਭਾਜਪਾ ਨੂੰ ਜਿਤਾਉਣ ਦੀ ਅਪੀਲ ਕੀਤੀ। -ਪੀਟੀਆਈ