ਪੀਐੱਚ ਡੀ ਕਰਨ ਵਾਲਿਆਂ ਲਈ ਨਵੀਂ ਸਕਾਲਰਸ਼ਿਪ ਯੋਜਨਾ
ਪੱਤਰ ਪ੍ਰੇਰਕ
ਅੰਮ੍ਰਿਤਸਰ, 21 ਮਾਰਚ
ਖੋਜ ਨੂੰ ਹੋਰ ਉਤਸ਼ਾਹਿਤ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੀਐਚ ਡੀ ਖੋਜਾਰਥੀਆਂ ਲਈ ਨਵੀਂ ਸਕਾਲਰਸ਼ਿਪ ਸਕੀਮ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿਚ ਪੀਐਚ ਡੀ ਵਿਦਿਆਰਥੀਆਂ ਨੂੰ ਹਰ ਮਹੀਨੇ 8000 ਰੁਪਏ ਸਕਾਲਰਸ਼ਿਪ ਵਜੋਂ ਦਿੱਤੇ ਜਾਣਗੇ, ਜਿਸ ਦੀ ਸ਼ੁਰੂਆਤ ਜੁਲਾਈ 2025 ਤੋਂ ਹੋਵੇਗੀ। ਇਸ ਅਧੀਨ ਵਿਦਿਆਰਥੀਆਂ ਨੂੰ ਨਿਰੰਤਰ ਰਿਸਰਚ ਪੇਪਰ ਪ੍ਰਕਾਸ਼ਿਤ ਕਰਨੇ ਹੋਣਗੇ। ਇਹ ਜਾਣਕਾਰੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਅਕਾਦਮਿਕ ਕੌਂਸਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਡੀਨ ਅਕਾਦਮਿਕ ਮਾਮਲੇ, ਪ੍ਰੋਫੈਸਰ ਪਲਵਿੰਦਰ ਸਿੰਘ ਨੇ ਮੀਟਿੰਗ ਦਾ ਏਜੰਡਾ ਪੇਸ਼ ਕੀਤਾ ਅਤੇ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਵਾਈਸ ਚਾਂਸਲਰ ਨੇ ਕਿਹਾ ਕਿ 100 ਪੀਐਚ.ਡੀ ਵਿਦਿਆਰਥੀਆਂ ਨੂੰ ਹਰ ਮਹੀਨੇ 8 ਹਜ਼ਾਰ ਰੁਪਏ ਸਕਾਲਰਸ਼ਿਪ ਵਜੋਂ ਦਿੱਤੇ ਜਾਣਗੇ। ਜੁਲਾਈ ਤਕ ਉਹ ਸੌ ਖੋਜਾਰਥੀਆਂ ਲਈ ਫੰਡ ਆਪਣੇ ਪੱਧਰ ’ਤੇ ਇਕੱਠਾ ਕਰ ਰਹੇ ਹਨ, ਇਸ ਦਾ ਯੂਨੀਵਰਸਿਟੀ ‘ਤੇ ਕੋਈ ਵੀ ਵਿਤੀ ਬੋਝ ਨਹੀਂ ਪਵੇਗਾ। ਮੀਟਿੰਗ ਦੌਰਾਨ ਯੂਨੀਵਰਸਿਟੀ ਦੇ ਵੱਖ-ਵੱਖ ਕੋਰਸਾਂ ਦੀ ਸਮੀਖਿਆ ਕੀਤੀ ਗਈ।