Punjab News - War against Drugs: ਨਗਰ ਨਿਗਮ ਨੇ ਦੋ ਨਸ਼ਾ ਤਸਕਰਾਂ ਦੀ ਨਾਜਾਇਜ਼ ਇਮਾਰਤ ਢਾਹੀ
ਦੋ ਮੁਲਜ਼ਮਾਂ ਦੀ ਨਸ਼ਿਆਂ ਦੇ ਕਾਰੋਬਾਰ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਨਗਰ ਨਿਗਮ ਨੇ ਪੁਲੀਸ ਦੇ ਸਹਿਯੋਗ ਨਾਲ ਕੀਤਾ ਢਹਿ-ਢੇਰੀ; ਮੁਲਜ਼ਮਾਂ ਖ਼ਿਲਾਫ਼ ਨਸ਼ਿਆਂ ਤੋਂ ਇਲਾਵਾ ਅਸਲਾ ਐਕਟ ਤਹਿਤ ਵੀ ਹਨ ਕੇਸ ਦਰਜ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25 ਮਾਰਚ
Punjab News - War against Drugs: ਪੰਜਾਬ ਪੁਲੀਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਅੱਜ ਇੱਥੇ ਗੁਮਟਾਲਾ ਇਲਾਕੇ ਵਿੱਚ ਦੋ ਮੁਲਜ਼ਮਾਂ ਦੀ ਨਸ਼ਿਆਂ ਦੇ ਕਾਰੋਬਾਰ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਨਗਰ ਨਿਗਮ ਨੇ ਪੁਲੀਸ ਦੇ ਸਹਿਯੋਗ ਨਾਲ ਢਾਹ ਦਿੱਤਾ ਹੈ।
ਇਸ ਸਬੰਧ ਵਿੱਚ ਮੌਕੇ ’ਤੇ ਪੁੱਜੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਬਿਲਡਿੰਗ ਅਨਵਰ ਗਿੱਲ ਅਤੇ ਉਸ ਦੇ ਰਿਸ਼ਤੇਦਾਰ
ਅਭੀ ਨਾਲ ਸਬੰਧਤ ਹੈ, ਜੋ ਕਿ ਇਸ ਵੇਲੇ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਦੱਸਿਆ ਕਿ ਅਨਵਰ ਦੇ ਖਿਲਾਫ ਪੰਜ ਦਰਜ ਕੇਸ ਹਨ ਜਦੋਂ ਕਿ ਅਭੀ ਦੇ ਖਿਲਾਫ ਦੋ ਕੇਸ ਦਰਜ ਹਨ। ਇਹ ਕੇਸ ਐਨਡੀਪੀਐਸ ਅਤੇ ਅਸਲਾ ਐਕਟ ਨਾਲ ਸਬੰਧਤ ਹਨ।
ਉਨ੍ਹਾਂ ਦੱਸਿਆ ਕਿ ਇਹ ਦੋਵੇਂ ਰਿਸ਼ਤੇਦਾਰ ਹਨ ਅਤੇ ਪਿਛਲੇ ਸਮੇਂ ਤੋਂ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ। ਪੁਲੀਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿਮ ਦੇ ਤਹਿਤ ਨਗਰ ਨਿਗਮ ਵੱਲੋਂ ਅੱਜ ਪੁਲੀਸ ਦੇ ਸਹਿਯੋਗ ਨਾਲ ਇਨ੍ਹਾਂ ਦੀ ਬਿਲਡਿੰਗ ਨੂੰ ਢਾਹਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਇੱਕ ਗਲੋਕ ਪਿਸਤੌਲ ਵੀ ਬਰਾਮਦ ਹੋਇਆ ਸੀ, ਜਿਸ ਤੋਂ ਸਾਬਤ ਹੁੰਦਾ ਹੈ ਕਿ ਇਨ੍ਹਾਂ ਦੇ ਸਬੰਧ ਪਾਕਿਸਤਾਨੀ ਤਸਕਰਾਂ ਨਾਲ ਵੀ ਹਨ। ਡਰੋਨ ਦੇ ਰਾਹੀਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਹੋ ਰਹੀ ਤਸਕਰੀ ਵਿੱਚ ਵੀ ਇਨ੍ਹਾਂ ਦਾ ਸਬੰਧ ਹੈ।
ਪੁਲੀਸ ਵੱਲੋਂ ਨਸ਼ਿਆਂ ਦਾ ਕਾਰੋਬਾਰ ਨਾਲ ਬਣਾਈਆਂ ਗਈਆਂ ਨਾਜਾਇਜ਼ ਜਾਇਦਾਦਾਂ ਢਹਿ ਢੇਰੀ ਕਰਨ ਦੀ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਹੁਣ ਤੱਕ ਇਸ ਤੋਂ ਪਹਿਲਾਂ ਚਾਰ ਜਾਇਦਾਦਾਂ ਨੂੰ ਢਾਹਿਆ ਜਾ ਚੁੱਕਾ ਹੈ।