ਦਿੱਲੀ ਹਾਈ ਕੋਰਟ ਦੇ ਜਸਟਿਸ ਯਸ਼ਵੰਤ ਵਰਮਾ ਦੇ ਸਰਕਾਰੀ ਘਰ ਨਾਲ ਜੁੜੀ ਘਟਨਾ ਬਾਰੇ ਗੁੰਮਰਾਹਕੁਨ ਜਾਣਕਾਰੀ ਫੈਲਾਈ ਗਈ: ਸੁਪਰੀਮ ਕੋਰਟ
ਨਵੀਂ ਦਿੱਲੀ, 21 ਮਾਰਚ
ਸੁਪਰੀਮ ਕੋਰਟ ਨੇ ਕਿਹਾ ਕਿ ਦਿੱਲੀ ਹਾਈ ਕੋਰਟ ਦੇ ਜੱਜ ਜਸਟਿਸ ਯਸ਼ਵੰਤ ਸਿਨਹਾ, ਜਿਨ੍ਹਾਂ ਦੀ ਸਰਕਾਰੀ ਰਿਹਾਇਸ਼ ’ਚ ਅੱਗ ਲੱਗਣ ਮਗਰੋਂ ਉਥੋਂ ਕਥਿਤ ਨੋਟਾਂ ਦੇ ਬੰਡਲ ਬਰਾਮਦ ਹੋਏ ਸਨ, ਬਾਰੇ ਗੁੰਮਰਾਹਕੁਨ ਜਾਣਕਾਰੀ ਤੇ ਅਫ਼ਵਾਹਾਂ ਫੈਲਾਈਆਂ ਗਈਆਂ। ਕੋਰਟ ਨੇ ਕਿਹਾ ਕਿ ਜਸਟਿਸ ਵਰਮਾ ਦਾ ਅਲਾਹਾਬਾਦ ਹਾਈ ਕੋਰਟ ਵਿਚ ਤਬਾਦਲੇ ਦਾ ਫੈਸਲਾ ਨਿਰਪੱਖ ਤੇ ਉਨ੍ਹਾਂ ਖਿਲਾਫ਼ ਚੱਲ ਰਹੀ ਦਫ਼ਤਰੀ ਜਾਂਚ ਦਾ ਇਸ ਨਾਲ ਕੋਈ ਲਾਗਾ-ਦੇਗਾ ਨਹੀਂ ਸੀ।
ਸੁਪਰੀਮ ਕੋਰਟ ਨੇ ਕਿਹਾ ਕਿ ਜਾਣਕਾਰੀ ਮਿਲਣ ਮਗਰੋਂ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਵੱਲੋਂ ਸਬੂਤ ਤੇ ਹੋਰ ਜਾਣਕਾਰੀ ਇਕੱਤਰ ਕਰਨ ਲਈ ਅੰਦਰੂਨੀ ਜਾਂਚ ਕਰਵਾਈ ਗਈ। ਸਿਖਰਲੀ ਕੋਰਟ ਨੇ ਕਿਹਾ ਕਿ ਹਾਈ ਕੋਰਟ ਦੇ ਚੀਫ਼ ਜਸਟਿਸ ਡੀਕੇ ਉਪਾਧਿਆਏ, ਜਿਨ੍ਹਾਂ 20 ਮਾਰਚ ਦੀ ਕੌਲਿਜੀਅਮ ਬੈਠਕ ਤੋਂ ਪਹਿਲਾਂ ਜਾਂਚ ਕੀਤੀ ਸੀ, ਵੱਲੋਂ ਭਾਰਤ ਦੇ ਚੀਫ਼ ਜਸਟਿਸ ਸੰਜੀਵ ਖੰਨਾ ਨੂੰ ਰਿਪੋਰਟ ਸੌਂਪੀ ਜਾਵੇਗੀ। ਇਸ ਰਿਪੋਰਟ ਦੀ ਨਿਰਖ ਪਰਖ ਤੋਂ ਬਾਅਦ ਕੋਰਟ ਵੱਲੋਂ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। -ਪੀਟੀਆਈ