ਅਸਮਾਨੀ ਬਿਜਲੀ ਡਿੱਗਣ ਕਾਰਨ ਪਰਵਾਸੀ ਮਜ਼ਦੂਰ ਦੀ ਮੌਤ
ਸੰਜੀਵ ਬੱਬੀ
ਚਮਕੌਰ ਸਾਹਿਬ, 4 ਮਈ
ਇੱਥੋਂ ਨਜ਼ਦੀਕੀ ਪਿੰਡ ਫਿਰੋਜ਼ਪੁਰ ਵਿਖੇ ਅੱਜ ਇੱਕ ਨੌਜਵਾਨ ਪਰਵਾਸੀ ਮਜ਼ਦੂਰ ਦੀ ਅਸਮਾਨੀ ਬਿਜਲੀ ਡਿੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਹੋਰਾਂ ਨੇ ਭੱਜ ਕੇ ਜਾਨ ਬਚਾਈ। ਮ੍ਰਿਤਕ ਮਜ਼ਦੂਰ ਦੇ ਸਾਥੀਆਂ ਨੇ ਦੱਸਿਆ ਕਿ ਉਹ ਪਿੰਡ ਫਿਰੋਜ਼ਪੁਰ ਵਿਖੇ ਰਹਿੰਦੇ ਹਨ ਸਵੇਰੇ ਛੇ ਕੁ ਵਜੇ ਦੇ ਕਰੀਬ ਉਹ ਤਿੰਨ ਵਿਅਕਤੀ ਜੰਗਲ ਪਾਣੀ ਲਈ ਖੇਤਾਂ ਵਿੱਚ ਗਏ ਤਾਂ ਉਸ ਸਮੇਂ ਬੱਦਲਵਾਈ ਸੀ ਜਦੋਂ ਉਹ ਪੰਦਰਾਂ ਕੁ ਮਿੰਟਾਂ ਬਾਅਦ ਵਾਪਸ ਆਏ ਤਾਂ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਉਹ ਮੋਟਰ ਵੱਲ ਆ ਰਹੇ ਸੀ ਤਾਂ ਇੱਕ ਦਮ ਅਸਮਾਨੀ ਬਿਜਲੀ ਦਾ ਲਿਸ਼ਕਾਰਾ ਉਨ੍ਹਾਂ ਦੇ ਸਾਥੀ ਦਲੀਪ ਪਾਸਵਾਨ (35) ’ਤੇ ਪਿਆ ਅਤੇ ਉਹ ਧਰਤੀ ’ਤੇ ਡਿੱਗ ਗਿਆ, ਜਿਸ ਕਾਰਨ ਉਸ ਦੀ ਥਾਂ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਦੇਖਿਆ ਤਾਂ ਦਲੀਪ ਦੀ ਪੈਂਟ ਅੱਗ ਨਾਲ ਸੜੀ ਹੋਈ ਸੀ ਤੇ ਮੋਬਾਈਲ ਫ਼ੋਨ ਵਿੱਚ ਹੋਏ ਧਮਾਕੇ ਕਾਰਨ ਸੜੀ ਹੋਈ ਜੀਨ ਦੀ ਪੈਂਟ ਅਤੇ ਬੈਲਟ ਦੇ ਟੁਕੜੇ ਕਾਫੀ ਦੂਰ ਤੱਕ ਖਿੰਡੇ ਹੋਏ ਸਨ। ਪਿੰਡ ਦੇ ਵਾਸੀ ਆੜ੍ਹਤੀ ਗੁਰਜੀਤ ਸਿੰਘ ਜੀਤਾ ਨੇ ਦੱਸਿਆ ਕਿ ਪ੍ਰਵਾਸੀਆਂ ਦੇ ਦੱਸਣ ਅਨੁਸਾਰ ਬਿਜਲੀ ਡਿੱਗਣ ਤੋਂ ਕੁੱਝ ਸਮੇਂ ਬਾਅਦ ਹੀ ਮੀਂਹ ਪੈਣ ਲੱਗ ਗਿਆ ਜੇਕਰ ਮੀਂਹ ਨਾ ਸ਼ੁਰੂ ਹੁੰਦਾ ਤਾਂ ਕਣਕ ਦੇ ਨਾੜ ਨੂੰ ਅੱਗ ਲੱਗਣ ਕਾਰਣ ਵੱਡਾ ਹਾਦਸਾ ਹੋ ਸਕਦਾ ਸੀ।
ਇਸ ਘਟਨਾ ਦੀ ਸ਼ਿਕਾਇਤ ਪੁਲੀਸ ਚੌਕੀ ਬੇਲਾ ਵਿਖੇ ਦਰਜ ਕਰਵਾਈ ਗਈ ਹੈ। ਮ੍ਰਿਤਕ ਦਾ ਪਿੰਡ ਵਾਸੀਆਂ ਵੱਲੋਂ ਸਸਕਾਰ ਕਰ ਦਿੱਤਾ ਗਿਆ ਹੈ। ਪਿੰਡ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਪੀੜਤ ਪਰਿਵਾਰ ਦੀ ਸਹਾਇਤਾ ਕਰਨ ਦੀ ਮੰਗ ਕੀਤੀ ਹੈ।