ਭਾਰਤੀ ਫ਼ੌਜ ਵੱਲੋਂ ਘਰ-ਘਰ ਵੀਰ ਪੁਰਸਕਾਰ ਮੁਹਿੰਮ ਸ਼ੁਰੂ
ਆਤਿਸ਼ ਗੁਪਤਾ
ਚੰਡੀਗੜ੍ਹ, 15 ਜੂਨ
ਭਾਰਤੀ ਫ਼ੌਜ ਵੱਲੋਂ ਕਾਰਗਿਲ ਵਿਜੈ ਦਿਵਸ ਦੀ 26ਵੀਂ ਵਰ੍ਹੇਗੰਢ ਦੇ ਸਬੰਧ ’ਚ ‘ਘਰ-ਘਰ ਵੀਰ ਪੁਰਸਕਾਰ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਕਾਰਗਿਲ ਜੰਗ ਦੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ।
ਅੱਜ ਭਾਰਤੀ ਫ਼ੌਜ ਦੇ ਹੌਲਦਾਰ ਕਮਲ ਬਿਸ਼ਨੋਈ ਅਤੇ ਸਿਪਾਹੀ ਸੁਨੀਲ ਨੇ ਕਾਰਗਿਲ ਜੰਗ ਵਿੱਚ ਸ਼ਹੀਦ ਹੋਏ 17ਵੀਂ ਜਾਟ ਰੈਜ਼ੀਮੈਂਟ ਦੇ ਸਿਪਾਹੀ ਕ੍ਰਿਸ਼ਨ ਕੁਮਾਰ ਦੀ ਹਰਿਆਣਾ ਦੇ ਸਿਰਸਾ ਸਥਿਤ ਪਿੰਡ ਤਰਕਾਂਵਾਲੀ ’ਚ ਰਿਹਾਇਸ਼ ’ਤੇ ਪਹੁੰਚ ਕੇ ਉਨ੍ਹਾਂ ਦੀ ਪਤਨੀ ਸੰਤੋਸ਼ ਦੇਵੀ, ਪੁੱਤਰ ਮਨੋਜ ਤੇ ਮੁਕੇਸ਼ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕ੍ਰਿਸ਼ਨ ਕੁਮਾਰ ਦਾ ਭਰਾ ਬਲਜੀਤ ਵੀ ਮੌਜੂਦ ਸੀ। ਜਾਣਕਾਰੀ ਅਨੁਸਾਰ ਕ੍ਰਿਸ਼ਨ ਕੁਮਾਰ 20 ਸਾਲ ਦੀ ਉਮਰ ’ਚ 30 ਮਈ 1999 ਨੂੰ ਕਾਰਗਿਲ ਜੰਗ ਦੌਰਾਨ ਸ਼ਹੀਦ ਹੋ ਗਿਆ ਸੀ। ਉਸ ਦੇ ਭਰਾ ਬਲਜੀਤ ਸਿੰਘ ਨੇ ਕਿਹਾ ਕਿ ਉਹ 25 ਦਿਨਾਂ ਦੀਆਂ ਛੁੱਟੀਆਂ ਕੱਟ ਕੇ 25 ਮਈ 1999 ਨੂੰ ਕਾਰਗਿਲ ਜੰਗ ’ਚ ਪਹੁੰਚ ਗਿਆ ਸੀ ਤੇ 30 ਮਈ ਨੂੰ ਸ਼ਹੀਦ ਹੋ ਗਿਆ।
ਇਸ ਮੌਕੇ ਭਾਰਤੀ ਫ਼ੌਜ ਦੇ ਜਵਾਨਾਂ ਨੇ ਸ਼ਹੀਦ ਕ੍ਰਿਸ਼ਨ ਕੁਮਾਰ ਦੇ ਪਰਿਵਾਰ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਤਾਂ ਜੋ ਉਨ੍ਹਾਂ ਦਾ ਹੱਲ ਕੱਢਿਆ ਜਾ ਸਕੇ। ਜ਼ਿਕਰਯੋਗ ਹੈ ਕਿ ਭਾਰਤੀ ਫ਼ੌਜ ਵੱਲੋਂ 26 ਜੁਲਾਈ ਨੂੰ ਦੇਸ਼ ਭਰ ’ਚ ਕਾਰਗਿਲ ਵਿਜੈ ਦਿਵਸ ਦੀ ਵਰ੍ਹੇਗੰਢ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਨੂੰ ਮੁੱਖ ਰੱਖਦਿਆਂ ਭਾਰਤੀ ਫ਼ੌਜ ਵੱਲੋਂ ਕਾਰਗਿਲ ਜੰਗ ਦੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ।