ਮੀਟਿੰਗ ਬੇਸਿੱਟਾ: ਪਿੰਡ ਨਮੋਲ ਦੇ ਪਾਰਕ ਦਾ ਮਾਮਲਾ ਲਟਕਿਆ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 5 ਜੂਨ
ਸੁਨਾਮ ਊਧਮ ਸਿੰਘ ਵਾਲਾ ਸਬ ਡਿਵੀਜ਼ਨ ਅਧੀਨ ਪੈਂਦੇ ਪਿੰਡ ਨਮੋਲ ਵਿੱਚ ਪੰਚਾਇਤੀ ਜ਼ਮੀਨ ਵਿਚ ਪਾਰਕ ਬਣਾਉਣ ਨੂੰ ਲੈ ਕੇ ਚੱਲ ਰਿਹਾ ਵਿਵਾਦ ਕਈ ਦਿਨ ਬੀਤਣ ਦੇ ਬਾਅਦ ਵੀ ਕਿਸੇ ਤਣ ਪੱਤਣ ਨਹੀਂ ਲੱਗਿਆ। ਅੱਜ ਸੁਨਾਮ ਦੇ ਸਿਵਲ ਤੇ ਪੁਲੀਸ ਪ੍ਰਸ਼ਾਸ਼ਨ ਅਤੇ ਪਾਰਕ ਦਾ ਵਿਰੋਧ ਕਰ ਰਹੀ ਧਿਰ ਦੀ ਅਗਵਾਈ ਕਰ ਰਹੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਵਫ਼ਦ ਵਿਚਕਾਰ ਮੀਟਿੰਗ ਹੋਈ ਪਰ ਗੱਲਬਾਤ ਸਿਰੇ ਨਹੀਂ ਚੜ੍ਹੀ। ਯੂਨੀਅਨ ਵਫ਼ਦ ਵਲੋਂ ਰੋਸ ਪ੍ਰਗਟ ਕੀਤਾ ਗਿਆ ਅਤੇ ਇਸ ਮਸਲੇ ਨੂੰ ਲੈ ਕੇ ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਨੂੰ ਮਿਲਣ ਦਾ ਫੈਸਲਾ ਲਿਆ।
ਪਿੰਡ ਨਮੋਲ ਵਿੱਚ ਪੰਚਾਇਤੀ ਥਾਂ ‘ਤੇ ਪੰਚਾਇਤ ਅਤੇ ਪਿੰਡ ਦੇ ਲੋਕ ਪਾਰਕ ਬਣਾਉਣਾ ਚਾਹੁੰਦੇ ਹਨ ਪਰ ਪਿੰਡ ਦੇ ਦਲਿਤ ਵਰਗ ਨਾਲ ਸਬੰਧਤ ਪਰਿਵਾਰ ਪਾਰਕ ਬਣਾਉਣ ਦਾ ਵਿਰੋਧ ਕਰ ਰਹੇ ਹਨ ਜੋ ਕਿ ਇਸ ਥਾਂ ਨੂੰ ਰੂੜੀਆਂ ਲਈ ਵਰਤਣਾ ਚਾਹੁੰਦੇ ਹਨ। ਬੀਤੀ 31 ਮਈ ਨੂੰ ਜਦੋਂ ਪੰਚਾਇਤ ਤੇ ਲੋਕਾਂ ਨੇ ਪਾਰਕ ਬਣਾਉਣ ਲਈ ਇੱਥੇ ਭਰਤ ਪਾਉਣੀ ਸ਼ੁਰੂ ਕੀਤੀ ਤਾਂ ਦੋਵੇਂ ਧਿਰਾਂ ਵਿਚ ਝੜਪ ਹੋ ਗਈ। ਇਸ ਦੌਰਾਨ ਦੋਵੇਂ ਧਿਰਾਂ ਦੇ ਕਰੀਬ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ ਸਨ। ਪ੍ਰਸ਼ਾਸਨ ਵੱਲੋਂ ਪਾਰਕ ਦਾ ਕੰਮ ਰੁਕਵਾ ਦਿੱਤਾ ਗਿਆ ਸੀ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਨੇ ਦੱਸਿਆ ਕਿ ਅੱਜ ਸਿਵਲ ਤੇ ਪੁਲੀਸ ਪ੍ਰਸ਼ਾਸ਼ਨ ਨਾਲ ਹੋਈ ਮੀਟਿੰਗ ਦੌਰਾਨ ਦਲਿਤ ਭਾਈਚਾਰੇ ਨਾਲ ਸਬੰਧਤ ਪਰਿਵਾਰਾਂ ਵੱਲੋਂ ਮੰਗ ਕੀਤੀ ਕਿ ਪਾਰਕ ਦੇ ਬਰਾਬਰ ਰੂੜੀਆਂ ਲਈ ਨੇੜੇ ਬਦਲਵੀਂ ਥਾਂ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕਾਫ਼ੀ ਪੜਾਵਾਂ ‘ਚ ਹੋਈ ਗੱਲਬਾਤ ਕਿਸੇ ਸਿਰੇ ਨਾਲ ਲੱਗੀ ਅਤੇ ਮੀਟਿੰਗ ਬੇਸਿੱਟਾ ਰਹੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਯੂਨੀਅਨ ਦਾ ਵਫ਼ਦ ਐੱਸਐੱਸਪੀ ਨੂੰ ਮਿਲਣ ਸੰਗਰੂਰ ਪੁੱਜਿਆ ਪਰਉਹ ਨਹੀਂ ਮਿਲੇ ਅਤੇ ਵਫ਼ਦ ਨੇ ਸਾਰਾ ਮਾਮਲਾ ਐੱਸਐੱਸਪੀ ਦੇ ਰੀਡਰ ਦੇ ਧਿਆਨ ਵਿਚ ਲਿਆਂਦਾ।