ਮੇਅਰ ਵੱਲੋਂ ਸਮਾਰਟ ਸਿਟੀ ਪ੍ਰਾਜੈਕਟਾਂ ਦਾ ਜਾਇਜ਼ਾ
ਮੁਕੇਸ਼ ਕੁਮਾਰ
ਚੰਡੀਗੜ੍ਹ, 18 ਸਤੰਬਰ
ਚੰਡੀਗੜ੍ਹ ਸਮਾਰਟ ਸਿਟੀ ਐਡਵਾਈਜ਼ਰੀ ਫੋਰਮ ਦੀ ਸਮੀਖਿਆ ਮੀਟਿੰਗ ਮੇਅਰ ਅਨੂਪ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਚੰਡੀਗੜ੍ਹ ਸਮਾਰਟ ਸਿਟੀ ਲਿਮਟਡ ਵੱਲੋਂ ਚਲਾਏ ਜਾ ਰਹੇ ਸਾਰੇ ਪ੍ਰਾਜੈਕਟਾਂ ਦੀ ਮੌਜੂਦਾ ਸਥਿਤੀ ਅਤੇ ਪ੍ਰਗਤੀ ਦੀ ਸਮੀਖਿਆ ਕੀਤੀ ਗਈ।
ਚੰਡੀਗੜ੍ਹ ਸਮਾਰਟ ਸਿਟੀ ਲਿਮਟਡ ਦੇ ਜਨਰਲ ਮੈਨੇਜਰ ਅਤੇ ਨਗਰ ਨਿਗਮ ਦੇ ਚੀਫ ਇੰਜਨੀਅਰ ਐਨਪੀ ਸ਼ਰਮਾ ਨੇ ਮੇਅਰ ਅਨੂਪ ਗੁਪਤਾ ਨੂੰ ਜਾਰੀ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਮੇਅਰ ਨੇ ਚੰਡੀਗੜ੍ਹ ਸਮਾਰਟ ਸਿਟੀ ਲਿਮਟਡ ਦੀ ਟੀਮ ਨੂੰ ਕੇਂਦਰ ਸਰਕਾਰ ਵੱਲੋਂ ਸਰਵੋਤਮ ਯੂਟੀ ਐਵਾਰਡ, ਗਵਰਨੈਂਸ ਅਤੇ ਮੋਬਿਲਿਟੀ ਪ੍ਰਾਜੈਕਟਾਂ ਵਿੱਚ ਪਹਿਲਾ ਇਨਾਮ, ਭਾਰਤ ਵਿੱਚ ਸਕਾਡਾ ਸੈਨੀਟੇਸ਼ਨ ਵਰਗ ਵਿੱਚ ਤੀਜਾ ਇਨਾਮ ਜਿੱਤਣ ਲਈ ਵਧਾਈ ਦਿੱਤੀ।
ਸਮੀਖਿਆ ਮੀਟਿੰਗ ਦੌਰਾਨ ਵੱਖ-ਵੱਖ ਪ੍ਰਾਜੈਕਟਾਂ ਜਿਵੇਂ ਪਬਲਿਕ ਬਾਈਕ ਸ਼ੇਅਰਿੰਗ, ਵੇਸਟ ਟਰਾਂਸਫਰ ਸਟੇਸ਼ਨ ਕਮ ਮਟੀਰੀਅਲ ਰਿਕਵਰੀ ਸੁਵਿਧਾ, ਸਾਲਿਡ ਵੇਸਟ ਮੈਨੇਜਮੈਂਟ ਵਹੀਕਲ ਟ੍ਰੈਕਿੰਗ ਲਈ ਸਕਾਡਾ ਆਦਿ ਦੀ ਸਥਿਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਮੇਅਰ ਅਨੂਪ ਗੁਪਤਾ ਨੇ ਚੰਡੀਗੜ੍ਹ ਸਮਾਰਟ ਸਿਟੀ ਲਿਮਟਡ ਵੱਲੋਂ ਸ਼ੁਰੂ ਕੀਤੇ ਪ੍ਰਾਜੈਕਟਾਂ ਦੀ ਪ੍ਰਗਤੀ ਦੀ ਸ਼ਲਾਘਾ ਕੀਤੀ। ਮੀਟਿੰਗ ਵਿੱਚ ਚੰਡੀਗੜ੍ਹ ਸਮਾਰਟ ਸਿਟੀ ਲਿਮਟਡ ਦੀ ਸੀਈਓ ਤੇ ਨਗਰ ਨਿਗਮ ਕਮਿਸ਼ਨਰ ਅਨਿੰਦਤਾ ਮਿੱਤਰਾ, ਪ੍ਰਸ਼ਾਸਨ ਦੇ ਚੀਫ ਆਰਕੀਟੈਕਟ, ਚੀਫ ਇੰਜਨੀਅਰ, ਸਮਾਰਟ ਸਿਟੀ ਦੇ ਐਡੀਸ਼ਨਲ ਸੀਈਓ ਅਨਿਲ ਕੁਮਾਰ ਗਰਗ ਸਣੇ ਸ਼ਹਿਰ ਦੀਆਂ ਆਰਡਬਲਿਊਏਜ਼ ਦੇ ਨੁਮਾਇੰਦੇ ਅਤੇ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।