ਕਤਲ ਦੇ ਦੋਸ਼ ਹੇਠ ਪਰਵਾਸੀ ਕਾਬੂ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 22 ਮਈ
ਮੁਹਾਲੀ ਪੁਲੀਸ ਨੇ ਸੈਕਟਰ-78 ਵਿੱਚ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਮੁਕੇਸ਼ ਕੁਮਾਰ ਵਾਸੀ ਬਿਹਾਰ ਵਜੋਂ ਹੋਈ ਹੈ, ਜੋ ਸੋਹਾਣਾ ਵਿੱਚ ਟਾਇਰਾਂ ਦੀ ਦੁਕਾਨ ’ਤੇ ਕੰਮ ਕਰਦਾ ਹੈ ਅਤੇ ਰਾਤ ਨੂੰ ਉੱਥੇ ਹੀ ਰਹਿੰਦਾ ਸੀ। ਅੱਜ ਇੱਥੇ ਮੁਹਾਲੀ ਦੇ ਐਸਪੀ (ਡੀ) ਸੌਰਵ ਜਿੰਦਲ ਅਤੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ
ਬੀਤੀ 14 ਮਈ ਨੂੰ ਸੁਰੇਸ਼ਪਾਲ (36) ਦੀ ਲਾਸ਼ ਲਾਵਾਰਸ ਹਾਲਤ ਵਿੱਚ ਸੈਕਟਰ-78-79 ਨਾਲ ਜੰਗਲ-ਨੁਮਾ ਬੇ-ਆਬਾਦ ਜਗ੍ਹਾ ’ਤੇ ਝਾੜੀਆਂ ’ਚੋਂ ਮਿਲੀ ਸੀ। ਇਸ ਸਬੰਧੀ ਮ੍ਰਿਤਕ ਦੇ ਭਰਾ ਨਿਰਮਲ ਕੁਮਾਰ ਵਾਸੀ ਮੌਲੀ ਬੈਦਵਾਨ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਸੀ। ਸੁਰੇਸ਼ਪਾਲ ਹੋਲਸੇਲ ਕਰਿਆਨੇ ਦੀ ਸਪਲਾਈ ਦਾ ਕੰਮ ਕਰਦਾ ਸੀ, 11 ਮਈ ਨੂੰ ਸ਼ਾਮ 4:30 ਵਜੇ ਘਰੋਂ ਬਾਹਰ ਗਿਆ ਸੀ ਅਤੇ ਵਾਪਸ ਨਹੀਂ ਪਰਤਿਆ। ਪਰਿਵਾਰ ਨੇ ਉਸਦੀ ਭਾਲ ਕੀਤੀ ਅਤੇ ਕੁੱਝ ਪਤਾ ਨਾ ਲੱਗਣ ’ਤੇ ਸੋਹਾਣਾ ਥਾਣੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ।
ਐਸਪੀ ਸੌਰਵ ਜ਼ਿੰਦਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਪੈੜ ਨੱਪਣ ਲਈ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਅਤੇ ਸੋਹਾਣਾ ਥਾਣੇ ਦੀ ਟੀਮ ਦਾ ਗਠਨ ਕੀਤਾ ਗਿਆ। ਇਸ ਦੌਰਾਨ ਪੁਲੀਸ ਨੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣਿਓਂ ਭੱਜਦੇ ਸਮੇਂ ਮੁਕੇਸ਼ ਕੁਮਾਰ ਨੂੰ ਕਾਬੂ ਕਰ ਲਿਆ। ਉਸ ਦੇ ਸੱਟਾਂ ਵੀ ਲੱਗੀਆਂ ਹਨ, ਜੋ ਇਲਾਜ ਅਧੀਨ ਹੈ। ਪੁੱਛਗਿੱਛ ਵਿੱਚ ਪਤਾ ਲੱਗਾ ਮੁਲਜ਼ਮ ਨਸ਼ਾ ਕਰਨ ਦਾ ਆਦੀ ਹੈ। ਉਸਨੇ ਮੰਨਿਆ ਕਿ 11 ਮਈ ਨੂੰ ਰਾਤ ਨੂੰ ਉਸਨੇ ਮ੍ਰਿਤਕ ਸੁਰੇਸ਼ਪਾਲ ਨੂੰ ਸੈਕਟਰ-78 ਵਿੱਚ ਸਰਵਿਸ ਰੋਡ ਨਾਲ ਲੱਗਦੇ ਪਾਰਕ ਵਿੱਚ ਸ਼ਰਾਬੀ ਹਾਲਤ ਵਿੱਚ ਡਿੱਗੇ ਪਏ ਨੂੰ ਦੇਖਿਆ ਸੀ। ਉਸਨੇ ਸੁਰੇਸ਼ਪਾਲ ਤੋਂ ਲੁੱਟ-ਖੋਹ ਦੀ ਕੋਸ਼ਿਸ਼ ਕੀਤੀ ਤਾਂ ਸੁਰੇਸ਼ਪਾਲ ਨੇ ਜੱਦੋਜਹਿਦ ਕੀਤੀ ਪਰ ਉਹ ਉਸ ਨੂੰ ਖਿੱਚ ਕੇ ਝਾੜੀਆਂ ਵਿੱਚ ਲੈ ਗਿਆ ਜਿੱਥੇ ਉਸ ਨੇ ਸੁਰੇਸ਼ਪਾਲ ਨੂੰ ਸਿਰ ਵਿੱਚ ਪੱਥਰ ਮਾਰ ਕੇ ਮਾਰ ਦਿੱਤਾ ਅਤੇ ਉਸਦੀ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਲਈ ਉਸਦੇ ਕੱਪੜੇ ਉਤਾਰ ਕੇ ਸੁੱਟ ਦਿੱਤੇ ਅਤੇ ਮੌਕੇ ਫਰਾਰ ਹੋ ਗਿਆ ਸੀ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਸੋਹਾਣਾ ਥਾਣੇ ਵਿੱਚ ਦੋ ਪਰਚੇ ਦਰਜ ਹਨ।