ਚਮਕੌਰ ਸਾਹਿਬ-ਮੋਰਿੰਡਾ ਸੜਕ ਦੀ ਖਸਤਾ ਹਾਲਤ ਕਾਰਨ ਰਾਹਗੀਰ ਪ੍ਰੇਸ਼ਾਨ
ਸੰਜੀਵ ਬੱਬੀ
ਚਮਕੌਰ ਸਾਹਿਬ, 22 ਮਈ
ਲੰਮੇ ਸਮੇਂ ਬਾਅਦ ਚਮਕੌਰ ਸਾਹਿਬ-ਮੋਰਿੰਡਾ ਸੜਕ ਸਾਲ 2023 ਵਿੱਚ ਮੁਕੰਮਲ ਹੋਈ ਸੀ। ਇਹ ਸੜਕ ਦੋ ਸਾਲ ਬਾਅਦ ਹੀ ਥਾਂ ਥਾਂ ਤੋਂ ਟੁੱਟਣ ਲੱਗੀ ਹੈ। ਸੜਕ ਤੋਂ ਦਿਨ ਰਾਤ ਲੰਘਦੇ ਓਵਰਲੋਡ ਵਾਹਨ ਇਸ ਦੇ ਟੁੱਟਣ ਦਾ ਕਾਰਨ ਬਣ ਰਹੇ ਹਨ। ਜ਼ਿਕਰਯੋਗ ਹੈ ਕਿ 2021 ਵਿੱਚ ਤਤਕਾਲੀ ਮੁੱਖ ਮੰਤਰੀ ਅਤੇ ਹਲਕਾ ਵਿਧਾਇਕ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ ਐਲਾਨਾਂ ਵਿੱਚੋਂ ਚਮਕੌਰ ਸਾਹਿਬ-ਮੋਰਿੰਡਾ ਸੜਕ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਹੋਇਆ ਸੀ ਜੋ 2023 ਵਿੱਚ ਮੁਕੰਮਲ ਹੋਇਆ ਪਰ ਦੋ ਸਾਲ ਬਾਅਦ ਹੀ ਇਸ ਸੜਕ ’ਤੇ ਕਈ ਥਾਂ ’ਤੇ ਪਾਈ ਪ੍ਰੀਮਿਕਸ ’ਚ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਕਈ ਥਾਂ ਤੋਂ ਸੜਕ ਦੀ ਬਜਰੀ ਭੁਰ ਚੁੱਕੀ ਹੈ ਜਿਸ ਨੂੰ ਹੂੰਝ ਕੇ ਸੜਕ ਦੇ ਕੰਢੇ ਇਕੱਠਾ ਕੀਤਾ ਗਿਆ ਹੈ। ਇਲਾਕੇ ਦੇ ਆਗੂਆਂ ਅਮਨਦੀਪ ਸਿੰਘ ਮਾਂਗਟ, ਬਲਦੇਵ ਸਿੰਘ ਹਾਫਿਜ਼ਾਬਾਦ, ਕਿਸਾਨ ਆਗੂ ਭਾਈ ਪਰਮਿੰਦਰ ਸਿੰਘ ਸੇਖੋਂ ਅਤੇ ਸੰਘ ਦੇ ਪ੍ਰਧਾਨ ਧਰਮਪਾਲ ਸੋਖਲ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਦੋ ਸਾਲ ਪਹਿਲਾਂ ਬਣੀ ਸੜਕ ਦੇ ਇੰਨੀ ਜਲਦੀ ਭੁਰਨ ’ਤੇ ਸੜਕ ਦੀ ਮਟੀਰੀਅਲ ਪੱਖੋਂ ਜਾਂਚ ਹੋਣੀ ਚਾਹੀਦੀ ਹੈ ਅਤੇ ਸਬੰਧਤ ਵਿਭਾਗ ਇਸ ਨੂੰ ਗੰਭੀਰਤਾ ਨਾਲ ਲਵੇ, ਕਿਉਂਕਿ ਇੱਕ ਮਹੀਨੇ ਬਾਅਦ ਬਰਸਾਤ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਜਿਸ ਵਿੱਚ ਸੜਕ ਦੀ ਹਾਲਤ ਹੋਰ ਮਾੜੀ ਹੋਣ ਦੀ ਪੂਰੀ ਸੰਭਾਵਨਾ ਹੈ। ਉਕਤ ਆਗੂਆਂ ਨੇ ਕਿਹਾ ਕਿ ਪੁਲੀਸ ਪ੍ਰਸ਼ਾਸਨ ਨੂੰ ਵੀ ਓਵਰਲੋਡ ਵਾਹਨਾਂ ਦੀ ਜਾਂਚ ਕਰਨੀ ਚਾਹੀਦੀ ਹੈ ਜੋ ਬਹਿਰਾਮਪੁਰ ਜ਼ਿਮੀਂਦਾਰਾ ਜਾਂ ਰੁੜਕੀ ਪੁਖਤਾ ਟੌਲ ਪਲਾਜ਼ਿਆਂ ਤੋਂ ਬਚਣ ਲਈ ਇਸ ਰਸਤੇ ਆ ਰਹੇ ਹਨ।