Manipur: ਮਨੀਪੁਰ ਵਿੱਚ ਵਕਫ਼ ਸੋਧ ਬਿੱਲ ਖ਼ਿਲਾਫ਼ ਮੁਜ਼ਾਹਰੇ
ਇੰਫਾਲ, 6 ਅਪਰੈਲ
ਇੰਫਾਲ ਘਾਟੀ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਜ ਵਕਫ਼ (ਸੋਧ) ਐਕਟ Waqf (Amendment) Act ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਗਏ। ਥੌਬਲ ਜ਼ਿਲ੍ਹੇ ਦੇ ਲਿਲੋਂਗ ਵਿਖੇ NH 102 ’ਤੇ ਹੋਈ ਰੈਲੀ ਵਿੱਚ 5,000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਥਾਵਾਂ ’ਤੇ ਪ੍ਰਦਰਸ਼ਕਾਰੀਆਂ ਦੀਆਂ ਸੁਰੱਖਿਆ ਬਲਾਂ ਨਾਲ ਝੜਪਾਂ ਵੀ ਹੋਈਆਂ। ਅਜਿਹੀ ਹੀ ਇੱਕ ਘਟਨਾ ਸਵੇਰੇ ਥੌਬਲ ਦੇ ਇਰੋਂਗ ਚੇਸਾਬਾ ਵਿੱਚ ਵਾਪਰੀ, ਜਿੱਥੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਣ ਤੋਂ ਮਗਰੋਂ ਝੜਪ ਸ਼ੁਰੂ ਹੋ ਗਈ।
ਪ੍ਰਦਰਸ਼ਨਕਾਰੀਆਂ ਨੇ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਇਸ ਵਿਵਾਦਪੂਰਨ ਕਾਨੂੰਨ ਦੀ ਨਿਖੇਧੀ ਕੀਤੀ। ਪ੍ਰਦਰਸ਼ਨਕਾਰੀਆਂ ਵਿੱਚ ਸ਼ਾਮਲ ਸਾਕਿਰ ਅਹਿਮਦ ਨੇ ਕਿਹਾ, ‘‘ਵਕਫ਼ ਸੋਧ ਐਕਟ ਸੰਵਿਧਾਨ ਦੇ ਸਿਧਾਂਤਾਂ ਦੇ ਵਿਰੁੱਧ ਹੈ। ਇਸ ਮੁਸਲਿਮ ਭਾਈਚਾਰੇ ਲਈ ਪ੍ਰਵਾਨ ਨਹੀਂ ਕੀਤਾ ਜਾ ਸਕਦਾ।’’ ਇੰਫਾਲ ਪੂਰਬ ਦੇ ਕਸ਼ਤਰੀ ਅਵਾਂਗ ਲੇਈਕਾਈ, ਕੇਈਰਾਂਗ ਮੁਸਲਿਮ ਅਤੇ ਕਿਯਾਮਗੇਈ ਮੁਸਲਿਮ ਇਲਾਕਿਆਂ ਅਤੇ ਥੌਬਲ ਜ਼ਿਲ੍ਹੇ ਦੇ ਸੋਰਾ ਸਣੇ ਹੋਰ ਥਾਵਾਂ ’ਤੇ ਵੀ ਵਿਰੋਧ ਪ੍ਰਦਰਸ਼ਨ ਕੀਤੇ ਗਏ। -ਪੀਟੀਆਈ