ਮਨੀਪੁਰ ਘਟਨਾ: ਜਥੇਬੰਦੀਆਂ ਵੱਲੋਂ ਵੱਖ-ਵੱਖ ਥਾਈਂ ਪ੍ਰਦਰਸ਼ਨ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 25 ਜੁਲਾਈ
ਆਲ ਇੰਡੀਆ ਸਟੇਟ ਗੌਰਮਿੰਟ ਐਂਪਲਾਈਜ਼ ਫੈੱਡਰੇਸ਼ਨ ਦੇ ਸੱਦੇ ’ਤੇ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਵੱਲੋਂ ਮਨੀਪੁਰ ਵਿੱਚ ਵਾਪਰ ਰਹੀਆਂ ਘਟਨਾਵਾਂ ਵਿਰੁੱਧ ਸ਼ਹੀਦ ਊਧਮ ਸਿੰਘ ਪਾਰਕ ਵਿੱਚ ਰੋਸ ਰੈਲੀ ਕੀਤੀ ਗਈ ਤੇ ਸ਼ਹਿਰ ’ਚ ਰੋਸ ਮਾਰਚ ਕੱਢਿਆ ਗਿਆ। ਮਾਰਚ ਉਪਰੰਤ ਬਸ ਸਟੈਂਡ ’ਤੇ ਮਨੀਪੁਰ ਦੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦੀਆਂ ਅਰਥੀਆਂ ਫੂਕੀਆਂ ਗਈਆਂ। ਜਥੇਬੰਦੀ ਦੇ ਆਗੂਆਂ ਹਰਨਿੰਦਰ ਕੌਰ ਅਤੇ ਬਲਵਿੰਦਰ ਕੌਰ ਦੀ ਅਗਵਾਈ ਹੇਠ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਪਸਸਫ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਨੇ ਕਿਹਾ ਕਿ ਦੋਸ਼ੀਆਂ ਸਜ਼੍ਹਾ ਦਿੱਤੀ ਜਾਵੇ ਤੇ ਮਨੀਪੁਰ ’ਚ ਸ਼ਾਂਤੀ ਸਥਾਪਿਤ ਕਰਨ ਲਈ ਠੋਸ ਉਪਰਾਲੇ ਕੀਤੇ ਜਾਣ।
ਪਠਾਨਕੋਟ (ਪੱਤਰ ਪ੍ਰੇਰਕ): ਸਟੇਟ ਪੈਨਸ਼ਨਰਜ਼ ਜਾਇੰਟ ਫਰੰਟ ਜ਼ਿਲ੍ਹਾ ਪਠਾਨਕੋਟ ਵਰਕਿੰਗ ਕਮੇਟੀ ਦੀ ਮੀਟਿੰਗ ਸੀਨੀਅਰ ਕਨਵੀਨਰ ਨਰੇਸ਼ ਕੁਮਾਰ ਅਤੇ ਮਾਸਟਰ ਸੱਤ ਪ੍ਰਕਾਸ਼ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਮਤਾ ਪਾਸ ਕਰ ਕੇ ਮਨੀਪੁਰ ਹਿੰਸਾ ਨੂੰ ਮਾਨਵਤਾ ਦੇ ਮੱਥੇ ਉੱਤੇ ਕਲੰਕ ਕਰਾਰ ਦਿੱਤਾ ਤੇ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।
ਗੁਰਦਾਸਪੁਰ (ਜਤਿੰਦਰ ਸਿੰਘ): ਮਨੀਪੁਰ ਵਿੱਚ ਔਰਤਾਂ ਉੱਤੇ ਹੋਈ ਹਿੰਸਾ ਖ਼ਿਲਾਫ਼ ਲੇਖਕਾਂ, ਕਿਸਾਨਾਂ, ਮਜ਼ਦੂਰ ਤੇ ਔਰਤਾਂ ਦੀਆਂ ਜਥੇਬੰਦੀਆਂ ਵੱਲੋਂ ਸ਼ਹਿਰ ਅੰਦਰ ਰੋਸ ਮਾਰਚ ਕਰ ਕੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਜਥੇਬੰਦੀਆਂ ਦੇ ਕਾਰਕੁਨ ਸਥਾਨਕ ਰਾਮ ਸਿੰਘ ਦੱਤ ਯਾਦਗਾਰ ਹਾਲ ਵਿੱਚ ਜ਼ਿਲ੍ਹਾ ਸਾਹਿਤ ਕੇਂਦਰ ਦੇ ਆਗੂ ਸੁਲੱਖਣ ਸਿੰਘ ਸਰਹੱਦੀ, ਮੰਗਤ ਚੰਚਲ, ਪੰਜਾਬ ਕਿਸਾਨ ਯੂਨੀਅਨ ਦੇ ਸੁਖਦੇਵ ਸਿੰਘ ਭਾਗੋਕਾਵਾਂ, ਅਸ਼ਵਨੀ ਕੁਮਾਰ, ਜਮਹੂਰੀ ਕਿਸਾਨ ਸਭਾ ਦੇ ਹਰਜੀਤ ਸਿੰਘ ਕਾਹਲੋਂ, ਕੁੱਲ ਹਿੰਦ ਕਿਸਾਨ ਸਭਾ ਦੇ ਜਸਬੀਰ ਸਿੰਘ ਕੱਤੋਵਾਲ, ਸੁਭਾਸ਼ ਕੈਰੇ ਔਰਤ ਜਥੇਬੰਦੀਆਂ ਦੇ ਸ਼ਮਿੰਦਰ ਕੌਰ ਅਤੇ ਰਣਜੀਤ ਕੌਰ ਡੱਡਵਾਂ ਦੀ ਅਗਵਾਈ ਹੇਠ ਇਕੱਠੇ ਹੋਏ ਅਤੇ ਰੈਲੀ ਕੀਤੀ।
ਜਲੰਧਰ (ਪੱਤਰ ਪ੍ਰੇਰਕ): ਔਰਤ ਮੁਕਤੀ ਮੋਰਚਾ ਵੱਲੋਂ ਮਨੀਪੁਰ ਘਟਨਾ ਖ਼ਿਲਾਫ਼ ਗੜ੍ਹਾ ਜਲੰਧਰ ਵਿੱਚ ਰੋਹ ਭਰਪੂਰ ਮਾਰਚ ਕੀਤਾ ਗਿਆ। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਮਨੁੱਖੀ ਘਾਣ ਨੂੰ ਤਮਾਸ਼ਬੀਨ ਬਣ ਕੇ ਦੇਖ ਰਹੀਆਂ ਹਨ। ਪਾਸਲਾ ਨੇ ਮੰਗ ਕੀਤੀ ਕਿ ਇਨ੍ਹਾਂ ਹਾਲਾਤਾਂ ਨੂੰ ਕਾਬੂ ਕਰਨੋਂ ਅਸਫ਼ਲ ਰਹਿਣ ਕਰ ਕੇ ਸੂਬੇ ਦੇ ਮੁੱਖ ਮੰਤਰੀ ਨੂੰ ਫੌਰੀ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਤਰਨ ਤਾਰਨ (ਪੱਤਰ ਪ੍ਰੇਰਕ): ਪੰਜਾਬ ਤੇ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ ਸਾਂਝੇ ਫਰੰਟ ਵੱਲੋਂ ਇੱਥੇ ਪਾਵਰਕੌਮ ਦੇ ਸਰਕਲ ਦਫ਼ਤਰ ਸਾਹਮਣੇ ਮਨੀਪੁਰ ਘਟਨਾਵਾਂ ਖ਼ਿਲਾਫ਼ ਰੋਸ ਜ਼ਾਹਰ ਕੀਤਾ ਗਿਆ| ਏਟਕ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ, ਬਲਜਿੰਦਰ ਕੌਰ ਡਿਆਲ ਆਦਿ ਨੇ ਮੰਗ ਕੀਤੀ ਕਿ ਰਾਸ਼ਟਰਪਤੀ ਮਨੀਪੁਰ ਸਰਕਾਰ ਨੂੰ ਤੁਰੰਤ ਬਰਖ਼ਾਸਤ ਕਰਨ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਭਲਕੇ ਗਾਂਧੀ ਮਿਉਂਸਿਪਲ ਪਾਰਕ ਵਿੱਚ ਇਕੱਤਰਤਾ ਦਾ ਫ਼ੈਸਲਾ ਕੀਤਾ ਗਿਆ। ਇਸੇ ਤਰ੍ਹਾਂ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਅਤੇ ਕੁਲ ਹਿੰਦ ਕਿਸਾਨ ਸਭਾ ਪੰਜਾਬ ਵੱਲੋਂ ਇਲਾਕੇ ਦੇ ਪਿੰਡ ਪੰਡੋਰੀ ਰਨਸਿੰਘ ਵਿੱਚ ਮੀਟਿੰਗ ਕਰ ਕੇ ਮਨੀਪੁਰ ਦੀਆਂ ਘਟਨਾਵਾਂ ਖਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ।