ਮਜੀਠੀਆ ਵੱਲੋਂ ਅੰਮ੍ਰਿਤਪਾਲ ਦੇ ਭਰਾ ਦੀ ਵੀਡੀਓ ਜਾਰੀ, ਨਸ਼ੇ ਕਰਨ ਦਾ ਦਾਅਵਾ
ਚਰਨਜੀਤ ਭੁੱਲਰ
ਚੰਡੀਗੜ੍ਹ, 28 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਇਕ ਵੀਡੀਓ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਇਸ ਵੀਡੀਓ ਵਿਚ ਐੱਨਐੱਸਏ ਤਹਿਤ ਗ੍ਰਿਫ਼ਤਾਰ ਕੀਤੇ ਅੰਮ੍ਰਿਤਪਾਲ ਸਿੰਘ ਦਾ ਭਰਾ ਨਸ਼ੇ ਕਰਦਾ ਵਿਖਾਈ ਦੇ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਸਿਰਫ਼ ਨਸ਼ਾ ਵਿਰੋਧੀ ਮੁਹਿੰਮ ਦਾ ਮੁਖੌਟਾ ਪਾਇਆ ਹੋਇਆ ਹੈ ਜਦੋਂ ਕਿ ਅਸਲ ਵਿਚ ਉਹ ਨਸ਼ਿਆਂ ਦੀ ਸਮਗਲਿੰਗ ਵਿਚ ਸ਼ਾਮਲ ਹੈ ਅਤੇ ਗੈਂਗਸਟਰਾਂ ਨਾਲ ਉਸ ਦੇ ਨੇੜਲੇ ਸੰਬੰਧ ਹਨ।
ਮਜੀਠੀਆ ਨੇ ਦਾਅਵਾ ਕੀਤਾ ਕਿ ਜਾਰੀ ਕੀਤੀ ਗਈ ਵੀਡੀਓ ਵਿਚ ਅੰਮ੍ਰਿਤਪਾਲ ਸਿੰਘ ਦਾ ਭਰਾ ਇਕ ਕਾਰ ਵਿਚ ਬੈਠ ਕੇ ਨਸ਼ੇ ਕਰਦਾ ਵਿਖਾਈ ਦੇ ਰਿਹਾ ਹੈ। ਅਕਾਲੀ ਆਗੂ ਨੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੀ ਵੀ ਇਕ ਵੀਡੀਓ ਵਿਖਾਈ ਜਿਸ ਵਿਚ ਉਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੇ ਪੁੱਤਰ ਹਰਪ੍ਰੀਤ ’ਤੇ ਨਸ਼ੇ ਦਾ ਝੂਠਾ ਕੇਸ ਦਰਜ ਕੀਤਾ ਗਿਆ ਹੈ। ਮਜੀਠੀਆ ਨੇ ਇਕ ਹੋਰ ਵੀਡੀਓ ਵੀ ਜਾਰੀ ਕੀਤੀ ਅਤੇ ਮਜੀਠੀਆ ਨੇ ਦਾਅਵਾ ਕੀਤਾ ਕਿ ਇਸ ਵੀਡੀਓ ਵਿਚ ਤਰਸੇਮ ਸਿੰਘ ਆਪਣੇ ਪੁੱਤਰਾਂ ਅੰਮ੍ਰਿਤਪਾਲ ਸਿੰਘ ਤੇ ਹਰਪ੍ਰੀਤ ਸਿੰਘ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤ ਰਹੇ ਹਨ।