ਬੰਬਾਂ ਬਾਰੇ ਬਿਆਨ: ਮੁਹਾਲੀ ਥਾਣੇ ਵਿੱਚ ਪੇਸ਼ ਨਾ ਹੋਏ ਬਾਜਵਾ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 6 ਮਈ
ਬੰਬਾਂ ਬਾਰੇ ਵਿਵਾਦਤ ਬਿਆਨ ਦੇ ਮਾਮਲੇ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅੱਜ ਮੁਹਾਲੀ ਦੇ ਸਾਈਬਰ ਥਾਣੇ ਵਿੱਚ ਪੇਸ਼ ਨਹੀਂ ਹੋਏ। ਮੁਹਾਲੀ ਪੁਲੀਸ ਨੇ ਸ੍ਰੀ ਬਾਜਵਾ ਨੂੰ ਸੰਮਨ ਭੇਜ ਕੇ ਅੱਜ ਮੰਗਲਵਾਰ ਨੂੰ ਫੇਜ਼-7 ਸਥਿਤ ਸਾਈਬਰ ਸੈੱਲ ਦੇ ਥਾਣੇ ਵਿੱਚ ਪੇਸ਼ ਹੋਣ ਲਈ ਕਿਹਾ ਸੀ। ਪੁਲੀਸ ਵੱਲੋਂ ਅੱਜ ਕਾਂਗਰਸ ਆਗੂ ਕੋਲੋਂ ਤੀਜੀ ਵਾਰ ਪੁੱਛ-ਪੜਤਾਲ ਕੀਤੀ ਜਾਣੀ ਸੀ ਪਰ ਉਹ ਆਏ ਨਹੀਂ। ਦੱਸਿਆ ਗਿਆ ਹੈ ਕਿ ਸ੍ਰੀ ਬਾਜਵਾ ਵੱਲੋਂ ਪੁਲੀਸ ਨੂੰ ਅਰਜ਼ੀ ਦੇ ਕੇ ਕਿਹਾ ਗਿਆ ਹੈ ਕਿ ਉਹ ਸ਼ਹਿਰ ’ਚੋਂ ਬਾਹਰ ਹਨ। ਇਸ ਲਈ ਅਗਲੇ ਕੁੱਝ ਹੋਰ ਦਿਨਾਂ ਦੀ ਮੋਹਲਤ ਦਿੱਤੀ ਜਾਵੇ। ਹੁਣ ਮੁਹਾਲੀ ਪੁਲੀਸ ਵੱਲੋਂ ਸ੍ਰੀ ਬਾਜਵਾ ਨੂੰ ਨਵੇਂ ਸਿਰਿਓਂ ਸੰਮਨ ਭੇਜੇ ਜਾਣਗੇ। ਇਸ ਮਾਮਲੇ ਵਿੱਚ ਮੁਹਾਲੀ ਪੁਲੀਸ ਦੀ ਵਿਸ਼ੇਸ਼ ਸਿੱਟ ਵੱਲੋਂ 25 ਅਪਰੈਲ ਨੂੰ ਲਗਪਗ ਪੌਣੇ ਸੱਤ ਘੰਟੇ ਸਾਈਬਰ ਅਪਰਾਧ ਥਾਣੇ ਵਿੱਚ ਕਾਂਗਰਸ ਆਗੂ ਕੋਲੋਂ ਪੁੱਛ-ਪੜਤਾਲ ਕੀਤੀ ਗਈ ਸੀ ਜਦੋਂਕਿ ਇਸ ਤੋਂ ਪਹਿਲਾਂ ਬੀਤੀ 15 ਅਪਰੈਲ ਨੂੰ ਸ੍ਰੀ ਬਾਜਵਾ ਤੋਂ ਕਰੀਬ ਸਾਢੇ ਪੰਜ ਘੰਟੇ ਪੁੱਛ ਪੜਤਾਲ ਕੀਤੀ ਗਈ ਸੀ। ਮੁਹਾਲੀ ਪੁਲੀਸ ਵੱਲੋਂ ਪੜਤਾਲ ਦੌਰਾਨ ਬਾਜਵਾ ਦਾ ਐਪਲ ਦਾ ਮੋਬਾਈਲ ਫੋਨ ਵੀ ਕਬਜ਼ੇ ਵਿੱਚ ਲਿਆ ਗਿਆ ਹੈ ਪਰ ਪਾਸਵਰਡ ਨਾ ਹੋਣ ਕਾਰਨ ਪੁਲੀਸ ਫੋਨ ਨੂੰ ਖੰਗਾਲ ਨਹੀਂ ਸਕੀ।
ਹਾਈ ਕੋਰਟ ’ਚ ਅੱਜ ਹੋਵੇਗੀ ਸੁਣਵਾਈ
ਪ੍ਰਤਾਪ ਸਿੰਘ ਬਾਜਵਾ ਵੱਲੋਂ ਬੰਬਾਂ ਬਾਰੇ ਬਿਆਨ ਦੇ ਮਾਮਲੇ ਵਿੱਚ ਮੁਹਾਲੀ ਸਾਈਬਰ ਅਪਰਾਧ ਥਾਣੇ ਵਿੱਚ ਦਰਜ ਐੱਫਆਈਆਰ ਨੂੰ ਰੱਦ ਕਰਨ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਗਈ ਹੈ। ਇਸ ’ਤੇ ਸੱਤ ਮਈ ਨੂੰ ਸੁਣਵਾਈ ਹੋਵੇਗੀ।