Mahabodhi row: ਮਹਾਬੋਧੀ ਮੰਦਰ ਮੁੱਦੇ 'ਤੇ ਬੋਧੀਆਂ ਦੀ ਹਮਾਇਤ ਦੇ ਐਲਾਨ ਪਿੱਛੋਂ ਨਿਤੀਸ਼ ਨੂੰ ਮਿਲੇ ਅਠਾਵਲੇ
ਕੇਂਦਰੀ ਮੰਤਰੀ ਨੇ ਕੀਤਾ ਸੀ "ਮਹਾਬੋਧੀ ਮੰਦਰ ਟਰੱਸਟ ਦੀ ਆਜ਼ਾਦੀ" ਲਈ ਜਾਰੀ ਅੰਦੋਲਨ ਦੀ ਹਮਾਇਤ ਦਾ ਐਲਾਨ
ਪਟਨਾ, 29 ਮਾਰਚ
ਬਿਹਾਰ ਦੇ ਬੋਧ ਗਯਾ ਸਥਿਤ ਬੁੱਧ ਧਰਮ ਦੇ ਸਭ ਤੋਂ ਅਹਿਮ ਸਥਾਨ ਮਹਾਬੋਧੀ ਮੰਦਰ ਕੰਪਲੈਕਸ (Mahabodhi Temple Complex) ਨੂੰ ਸੰਚਾਲਿਤ ਕਰਨ ਵਾਲੇ ਟਰੱਸਟ 'ਤੇ ਬੋਧੀ ਭਾਈਚਾਰੇ ਨੂੰ ਪੂਰਾ ਕੰਟਰੋਲ ਦੇਣ ਅਤੇ ਇਸ ਦੀ ‘ਆਜ਼ਾਦੀ’ ਲਈ ਜਾਰੀ ਅੰਦੋਲਨ ਦੀ ਹਮਾਇਤ ਦਾ ਐਲਾਨ ਕਰਨ ਤੋਂ ਇਕ ਦਿਨ ਬਾਅਦ ਸ਼ਨਿੱਚਰਵਾਰ ਨੂੰ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ (Union minister Ramdas Athawale) ਨੇ ਇਥੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮੁਲਾਕਾਤ ਕੀਤੀ। ਸਮਝਿਆ ਜਾਂਦਾ ਹੈ ਕਿ ਉਨ੍ਹਾਂ ਇਸ ਮੌਕੇ ਬਿਹਾਰ ਸਰਕਾਰ ਵੱਲੋਂ ਬੋਧੀ ਭਾਈਚਾਰੇ ਦੀ ਮੰਗ ਮੰਨਣ ਤੋਂ ਇਨਕਾਰ ਕਰਨ ਦਾ ਮੁੱਦਾ ਚੁੱਕਿਆ।
ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਮੁਖੀ ਅਠਾਵਲੇ ਨੇ ਬੋਧ ਗਯਾ ਦਾ ਦੌਰਾ ਕਰਨ ਤੋਂ ਇੱਕ ਦਿਨ ਬਾਅਦ ਜੇਡੀ(ਯੂ) ਸੁਪਰੀਮੋ ਨਾਲ ਇੱਥੇ ਉਨ੍ਹਾਂ ਦੇ ਸਰਕਾਰੀ ਨਿਵਾਸ 'ਤੇ ਮੁਲਾਕਾਤ ਕੀਤੀ। ਗ਼ੌਰਤਲਬ ਹੈ ਕਿ ਮਹਾਬੋਧੀ ਮੰਦਰ ਕੰਪਲੈਕਸ ਇੱਕ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸ ਸਥਾਨ ਉਤੇ ਹੀ ਮਹਾਤਮਾ ਬੁੱਧ ਨੂੰ ਕਰੀਬ 2500 ਸਾਲ ਪਹਿਲਾਂ ਗਿਆਨ ਦੀ ਪ੍ਰਾਪਤੀ ਹੋਈ ਸੀ।
ਦਲਿਤ ਨੇਤਾ ਨੇ X ਉਤੇ ਮਰਾਠੀ ਵਿੱਚ ਪਾਈਆਂ ਕਈ ਪੋਸਟਾਂ ਵਿੱਚ ਮਹਾਬੋਧੀ ਮੰਦਰ ਐਕਟ ਨੂੰ ਰੱਦ ਕਰਨ ਦੀ ਮੰਗ ਦਾ ਸਮਰਥਨ ਕੀਤਾ ਹੈ। ਗ਼ੌਰਤਲਬ ਹੈ ਕਿ ਇਸ ਐਕਟ ਵਿਚ ਵਿਵਸਥਾ ਹੈ ਕਿ ਮੰਦਰ ਟਰੱਸਟ ਵਿੱਚ ਹਿੰਦੂ ਅਤੇ ਬੋਧੀ ਭਾਈਚਾਰਿਆਂ ਦੇ ਚਾਰ-ਚਾਰ ਮੈਂਬਰ ਹੋਣਗੇ ਅਤੇ ਇਸ ਤੋਂ ਇਲਾਵਾ ਗਯਾ ਦਾ ਜ਼ਿਲ੍ਹਾ ਮੈਜਿਸਟ੍ਰੇਟ (ਜੋ ਆਮ ਤੌਰ ’ਤੇ ਬੋਧੀ ਨਹੀਂ ਹੁੰਦਾ) ਅਹੁਦੇ ਵਜੋਂ ਟਰਸਟ ਦਾ ਚੇਅਰਪਰਸਨ ਹੋਵੇਗਾ।
ਸਮਾਜਿਕ ਨਿਆਂ ਅਤੇ ਸ਼ਕਤੀਕਰਨ ਰਾਜ ਮੰਤਰੀ ਨੇ ਬੋਧੀ ਭਿਕਸ਼ੂਆਂ ਨਾਲ ਮੁਲਾਕਾਤ ਕੀਤੀ ਸੀ, ਜੋ ਇਸ ਮੁੱਦੇ 'ਤੇ ਅੰਦੋਲਨ ਕਰ ਰਹੇ ਸਨ ਅਤੇ ਉਨ੍ਹਾਂ ਨੇ "ਮਹਾਬੋਧੀ ਮੰਦਰ ਟਰੱਸਟ ਦੀ ਆਜ਼ਾਦੀ" ਲਈ ਉਨ੍ਹਾਂ ਦੀ ਲੜਾਈ ਦੇ ਸਮਰਥਨ ਦਾ ਵਾਅਦਾ ਕੀਤਾ ਸੀ। ਗ਼ੌਰਤਲਬ ਹੈ ਕਿ ਬੋਧੀ ਭਾਈਚਾਰੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਰਮ ਦੇ ਸਭ ਤੋਂ ਅਹਿਮ ਸਥਾਨ ਦੇ ਸੰਚਾਲਨ ਵਿਚ ਉਨ੍ਹਾਂ ਨੂੰ ਹੀ ਬਹੁਮਤ ਹਾਸਲ ਨਹੀਂ ਹੈ।
ਉਨ੍ਹਾਂ ਮੁਤਾਬਕ ਅਜਿਹਾ ਕਿਸੇ ਵੀ ਹੋਰ ਧਰਮ ਦੇ ਧਾਰਮਿਕ ਸਥਾਨ ਦੇ ਮਾਮਲੇ ਵਿਚ ਨਹੀਂ ਹੈ, ਇਸ ਲਈ ਮਹਾਬੋਧੀ ਮੰਦਰ ਦਾ ਕੰਟਰੋਲ ਪੂਰੀ ਤਰ੍ਹਾਂ ਬੋਧੀ ਭਾਈਚਾਰੇ ਨੂੰ ਦਿੱਤਾ ਜਾਣਾ ਚਾਹੀਦਾ ਹੈ। ਇਸ ਮੰਗ ਨੂੰ ਲੈ ਕੇ ਦੇਸ਼ ਵਿਦੇਸ਼ ਦੇ ਬੋਧੀਆਂ ਵੱਲੋਂ ਬੀਤੇ ਕਈ ਦਿਨਾਂ ਤੋਂ ‘ਸ਼ਾਂਤਮਈ’ ਅੰਦੋਲਨ ਕੀਤਾ ਜਾ ਰਿਹਾ ਹੈ। -ਪੀਟੀਆਈ