ਮੱਧ ਪ੍ਰਦੇਸ਼: ਨਕਲੀ ਡਾਕਟਰ ਨੇ ਕੀਤਾ ਦਿਲ ਦਾ ਆਪ੍ਰੇਸ਼ਨ; ਕਥਿਤ ਤੌਰ ’ਤੇ 7 ਦੀ ਮੌਤ
ਦਮੋਹ (ਮੱਧ ਪ੍ਰਦੇਸ਼), 5 ਅਪਰੈਲ
ਇਥੇ ਜ਼ਿਲ੍ਹਾ ਅਧਿਕਾਰੀ ਇਕ ਅਜਿਹੇ ਮਾਮਲੇ ਦੀ ਜਾਂਚ ਵਿਚ ਜੁਟੇ ਹੋਏ ਹਨ, ਜਿਸ ਵਿਚ ਇਕ ਨਿੱਜੀ ਮਿਸ਼ਨਰੀ ਹਸਪਤਾਲ ਵਿੱਚ ਮਰੀਜ਼ਾਂ ਦੇ ਦਿਲ ਦੇ ਅਪ੍ਰੇਸ਼ਨ ਕਥਿਤ ਤੌਰ ’ਤੇ ਨਕਲੀ ਡਾਕਟਰ ਵੱਲੋਂ ਕੀਤੇ ਜਾਣ ਦੇ ਦੋਸ਼ ਹਨ, ਜਿਸ ਕਾਰਨ ਘੱਟੋ ਘੱਟ 7 ਵਿਅਕਤੀਆਂ ਦੀ ਜਾਨ ਚਲੇ ਜਾਣ ਦਾ ਖ਼ਦਸ਼ਾ ਹੈ।
ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਹਸਪਤਾਲ ਵਿਚ ਇਕ ਮਹੀਨੇ ਦੇ ਅੰਦਰ 7 ਮੌਤਾਂ ਦੀਆਂ ਰਿਪੋਰਟਾਂ ਨੇ ਖੇਤਰ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਇਹ ਦੋਸ਼ ਲਗਾਇਆ ਗਿਆ ਹੈ ਕਿ ਇਕ ਵਿਅਕਤੀ ਐਨ ਜੌਨ ਕੇਮ ਨੇ ਈਸਾਈ ਮਿਸ਼ਨਰੀ ਹਸਪਤਾਲ ਵਿਚ ਨੌਕਰੀ ਕਰਦਿਆਂ ਇਕ ਮਸ਼ਹੂਰ ਬ੍ਰਿਟਿਸ਼ ਡਾਕਟਰ ਵਜੋਂ ਪੇਸ਼ ਆਉਂਦਿਆਂ ਕਾਰਡੀਓਲੋਜਿਸਟ ਹੋਣ ਦਾ ਦਾਅਵਾ ਕੀਤਾ। ਫਿਰ ਉਸ ਨੇ ਮਰੀਜ਼ਾਂ ਦੇ ਦਿਲ ਦੇ ਅਪ੍ਰੇਸ਼ਨ ਕੀਤੇ। ਜਿਨ੍ਹਾਂ ਮਰੀਜ਼ਾਂ ਦੀ ਸਰਜਰੀ ਹੋਈ ਸੀ, ਉਨ੍ਹਾਂ ਦੀ ਬਾਅਦ ਵਿੱਚ ਮੌਤ ਹੋ ਗਈ।
ਜਾਂਚ ਦੌਰਾਨ ਅਧਿਕਾਰੀਆਂ ਨੇ ਦੋਸ਼ੀ ਦਾ ਅਸਲੀ ਨਾਮ ਨਰਿੰਦਰ ਵਿਕਰਮਾਦਿੱਤਿਆ ਯਾਦਵ ਦੱਸਿਆ ਹੈ।
ਇਸ ਤੋਂ ਪਹਿਲਾਂ ਬਾਲ ਭਲਾਈ ਕਮੇਟੀ ਦੇ ਇਕ ਵਕੀਲ ਅਤੇ ਜ਼ਿਲ੍ਹਾ ਪ੍ਰਧਾਨ ਦੀਪਕ ਤਿਵਾੜੀ ਨੇ ਦਾਅਵਾ ਕੀਤਾ ਸੀ ਕਿ ਅਧਿਕਾਰਤ ਤੌਰ ’ਤੇ ਮੌਤਾਂ ਦੀ ਗਿਣਤੀ ਭਾਵੇਂ 7 ਹੈ, ਪਰ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਹੈ। ਵਕੀਲ ਨੇ ਪਹਿਲਾਂ ਦਮੋਹ ਜ਼ਿਲ੍ਹਾ ਮੈਜਿਸਟ੍ਰੇਟ ਕੋਲ ਸ਼ਿਕਾਇਤ ਦਰਜ ਕਰਵਾਈ ਸੀ।
ਤਿਵਾੜੀ ਨੇ ਦੱਸਿਆ, "ਕੁਝ ਮਰੀਜ਼, ਸਾਡੇ ਕੋਲ ਆਏ ਅਤੇ ਇਸ ਘਟਨਾ ਬਾਰੇ ਦੱਸਿਆ, ਫਿਰ ਸਾਨੂੰ ਪਤਾ ਲੱਗਾ ਕਿ ਹਸਪਤਾਲ ਵਿਚ ਇਕ ਨਕਲੀ ਡਾਕਟਰ ਕੰਮ ਕਰ ਰਿਹਾ ਹੈ; ਅਸਲੀ ਵਿਅਕਤੀ ਬ੍ਰਿਟੇਨ ਵਿੱਚ ਹੈ ਅਤੇ ਇਸ ਵਿਅਕਤੀ ਦਾ ਨਾਮ ਨਰਿੰਦਰ ਯਾਦਵ ਹੈ। ਉਸ ਵਿਰੁੱਧ ਹੈਦਰਾਬਾਦ ਵਿਚ ਇਕ ਕੇਸ ਦਰਜ ਹੈ ਅਤੇ ਉਸ ਨੇ ਕਦੇ ਵੀ ਆਪਣੇ ਅਸਲੀ ਦਸਤਾਵੇਜ਼ ਨਹੀਂ ਦਿਖਾਏ।’’
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਯਾਂਕ ਕਾਨੂੰਨਗੋ ਨੇ ਕਿਹਾ, "ਸਾਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ ਇਕ ਨਕਲੀ ਡਾਕਟਰ ਨੇ ਮਿਸ਼ਨਰੀ ਹਸਪਤਾਲ ਵਿੱਚ ਮਰੀਜ਼ਾਂ ਦੀ ਸਰਜਰੀ ਕੀਤੀ ਹੈ। ਸਾਨੂੰ ਇਹ ਵੀ ਦੱਸਿਆ ਗਿਆ ਸੀ ਕਿ ਮਿਸ਼ਨਰੀ ਹਸਪਤਾਲ ਆਯੂਸ਼ਮਾਨ ਭਾਰਤ ਯੋਜਨਾ ਵਿੱਚ ਸ਼ਾਮਲ ਹੈ ਅਤੇ ਇਸ ਲਈ ਸਰਕਾਰ ਤੋਂ ਪੈਸੇ ਲੈ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਇਹ ਇਕ ਗੰਭੀਰ ਸ਼ਿਕਾਇਤ ਹੈ ਅਤੇ ਇਸ ਵੇਲੇ ਜਾਂਚ ਚੱਲ ਰਹੀ ਹੈ।
ਇਲਜ਼ਾਮਾਂ ਤੋਂ ਬਾਅਦ ਜ਼ਿਲ੍ਹਾ ਜਾਂਚ ਟੀਮ ਨੇ ਹਸਪਤਾਲ ਤੋਂ ਸਾਰੇ ਦਸਤਾਵੇਜ਼ ਜ਼ਬਤ ਕਰ ਲਏ। ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਨਕਲੀ ਡਾਕਟਰ ਬਣਨ ਵਾਲੇ ਨੇ ਮਸ਼ਹੂਰ ਬ੍ਰਿਟਿਸ਼ ਡਾਕਟਰ ਵਜੋਂ ਪੇਸ਼ ਆਉਣ ਦੇ ਜਾਅਲੀ ਦਸਤਾਵੇਜ਼ ਪੇਸ਼ ਕੀਤੇ ਸਨ। ਦੋਸ਼ੀ ’ਤੇ ਕਈ ਵਿਵਾਦਾਂ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ, ਜਿਸ ਵਿੱਚ ਹੈਦਰਾਬਾਦ ਵਿਚ ਦਰਜ ਇਕ ਅਪਰਾਧਿਕ ਮਾਮਲਾ ਵੀ ਸ਼ਾਮਲ ਹੈ। ਦਮੋਹ ਜ਼ਿਲ੍ਹਾ ਕੁਲੈਕਟਰ ਸੁਧੀਰ ਕੋਚਰ ਨੇ ਕਿਹਾ ਹੈ ਕਿ ਉਹ ਜਾਂਚ ਪੂਰੀ ਹੋਣ ਤੋਂ ਬਾਅਦ ਬਿਆਨ ਦੇਣਗੇ। -ਏਐਨਆਈ