Kullu: ਮੰਡੀ ਨੂੰ ਕੁੱਲੂ ਜ਼ਿਲ੍ਹੇ ਨਾਲ ਜੋੜਨ ਵਾਲਾ ਪੁਲ ਡਿੱਗਿਆ
ਸ਼ਿਮਲਾ, 12 ਅਪਰੈਲ
bridge constructed around 1980, suddenly collapsed: ਹਿਮਾਚਲ ਪ੍ਰਦੇਸ਼ ਵਿੱਚ ਕੌਮੀ ਮਾਰਗ 305 ’ਤੇ ਮੰਡੀ ਨੂੰ ਕੁੱਲੂ ਜ਼ਿਲ੍ਹੇ ਨਾਲ ਜੋੜਨ ਵਾਲਾ ਪੁਲ ਅੱਜ ਤੜਕੇ ਡਿੱਗ ਗਿਆ ਜਿਸ ਕਾਰਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ। ਕੁੱਲੂ ਦੇ ਬੰਜਰ ’ਚ ਇਹ ਘਟਨਾ ਉਦੋਂ ਵਾਪਰੀ ਜਦੋਂ 1980 ਦੇ ਆਸ-ਪਾਸ ਬਣਿਆ ਪੁਲ ਅਚਾਨਕ ਡਿੱਗ ਗਿਆ। ਪੁਲੀਸ ਨੇ ਦੱਸਿਆ ਕਿ ਉਸ ਸਮੇਂ ਪੁਲ ਤੋਂ ਲੰਘ ਰਿਹਾ ਇੱਕ ਟਰੱਕ ਨਦੀ ਵਿੱਚ ਡਿੱਗ ਗਿਆ ਪਰ ਇਸ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ। ਸੂਚਨਾ ਮਿਲਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਦੱਸਿਆ ਕਿ ਜ਼ਖਮੀ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।

ਕੁੱਲੂ ਦੇ ਡਿਪਟੀ ਕਮਿਸ਼ਨਰ ਆਫ ਪੁਲੀਸ (ਡੀਸੀਪੀ) ਤੋਰੁਲ ਐਸ ਰਵਨੀਸ਼ ਨੇ ਕਿਹਾ ਕਿ ਬਦਲਵੇਂ ਰੂਟਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਹਲਕੇ ਵਾਹਨਾਂ ਦੀ ਆਵਾਜਾਈ ਨੂੰ ਛੇਤੀ ਤੋਂ ਛੇਤੀ ਸ਼ੁਰੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਯਾਤਰੀਆਂ ਦੀ ਸਹੂਲਤ ਲਈ ਟਰੈਫਿਕ ਨੂੰ ਪੰਡੋਹ ਰਾਹੀਂ ਮੋੜ ਦਿੱਤਾ ਗਿਆ। ਪੀਟੀਆਈ